History of Bara Pind

ਸਹੋਤਾ ਗੋਤ ਅਤੇ ਬੜਾ ਪਿੰਡ ਦਾ ਇਤਿਹਾਸ
     ਸਹੋਤਾ ਗੋਤ ਮਹਾਂਭਾਰਤ ਦੇ ਸਮੇਂ ਦੇ ਪੁਰਾਣੇ ਕਬੀਲਿਆਂ ’ਚੋਂ ਹੈ, ਜਿਨ੍ਹਾਂ ਨੇ ਕਦੇ ਰਾਜਸਥਾਨ ਦੀ ਭਰਤਪੁਰ ਰਿਆਸਤ ’ਤੇ ਰਾਜ ਵੀ ਕੀਤਾ। ਯਾਦਵਾਂ ਦੇ ਭਰਾ ਪੁਰੂ ਦੀ 24ਵੀਂ ਕੁੱਲ ’ਚ ਰਾਜਾ ਸਹੋਤਰਾ ਹੋਇਆ, ਜਿਸਨੂੰ ਕਈ ਇਤਿਹਾਸਕਾਰਾਂ ਨੇ ਸਹੋਤਾ ਵੀ ਲਿਖਿਆ ਹੈ। ਮਗਧ ਦੇ ਰਾਜੇ ਜਰਾਸਿੰਧ ਤੋਂ ਤੰਗ ਆ ਕੇ ਸਹੋਤਿਆਂ ਦਾ ਕਬੀਲਾ ਪੱਛਮ ਵੱਲ ਆ ਕੇ ਵਸ ਗਿਆ ਸੀ। ਬੰਸਾਵਲੀ ਅਨੁਸਾਰ ਸਹੋਤੇ ਤੋਂ ਬਾਅਦ ਉਸਦਾ ਸਪੁੱਤਰ ਅਚਰਜ ਕਬੀਲੇ ਦਾ ਮੁਖੀ ਬਣਿਆ। ਇੱਥੇ ਇਹ ਗੱਲ ਯਾਦ ਰੱਖਣਯੋਗ ਹੈ ਕਿ ਅਚਰਜ ਤੋਂ ਬਾਅਦ ਸਹੋਤਾ ਹਰੇਕ ਦਾ ਗੋਤ ਬਣਿਆ, ਜਿਵੇਂ ਕਿ ਅਚਰਜ ਸਹੋਤਾ। ਉਸ ਤੋਂ ਪਿੱਛੋਂ ਗੰਢਾਲ, ਫਿਰ ਧੀਂਚ, ਫਿਰ ਕਦੀ, ਫਿਰ ਰਜੇਠਾ ਅਤੇ ਫਿਰ ਭਰਤ ਕਬੀਲੇ ਦਾ ਮੁਖੀ ਬਣੇ। ਭਰਤ ਦੇ ਸਮੇਂ ਇਹ ਕਬੀਲਾ ਮੌਜੂਦਾ ਰਾਜਸਥਾਨ ਦੇ ਸ਼ਹਿਰ ਭਰਤਪੁਰ ਦੇ ਆਸ-ਪਾਸ ਵਸਿਆ ਰਿਹਾ। ਫਿਰ ਭਰਤ ਤੋਂ ਬਾਅਦ ਭਾਨ, ਫਿਰ ਉਲਭ, ਫਿਰ ਸੰਧਲ ਕਬੀਲੇ ਦੇ ਮੁਖੀ ਬਣੇ। ਸੰਧਲ ਨੇ ਹੀ ਭਰਤਪੁਰ ਰਿਆਸਤ ਦਾ ਗਠਨ ਕੀਤਾ ਅਤੇ ਭਰਤਪੁਰ ਦਾ ਪਹਿਲਾ ਮਹਾਰਾਜਾ ਕਹਿਲਾਇਆ।
ਫਿਰ ਭਰਤਪੁਰ ਦੇ ਇਸ ਰਾਜੇ ਸੰਧਲ ਸਹੋਤਾ ਦੀ ਕੁੱਲ ਅਗਾਂਹ ਚਲਦੀ ਰਹੀ। ਸੰਧਲ ਤੋਂ ਬਾਅਦ ਮੱਲ ਸਹੋਤਾ ਮਹਾਰਾਜਾ ਬਣਿਆ। ਮੱਲ ਦੇ ਦੋ ਪੁੱਤਰ ਧੌਲ ਸਹੋਤਾ ਅਤੇ ਕੌਲ ਸਹੋਤਾ, ਬਹੁਤ ਤਕੜੇ ਜੁੱਸੇ ਦੇ ਅਤੇ ਪਹਿਲਵਾਨ ਸਨ। ਸ਼ਾਹੀ ਪਹਿਲਵਾਨ ਹੋਣ ਕਾਰਨ ਉਹ ਕਾਫੀ ਮਸ਼ਹੂਰ ਸਨ। ਇੱਕ ਵਾਰ ਦੀ ਗੱਲ ਹੈ ਕਿ ਲਾਹੌਰ ਦੇ ਰਾਜੇ ਨੇ ਇੱਕ ਪਹਿਲਵਾਨ ਪਾਲਿਆ, ਜੋ ਕਿ ਬਹੁਤ ਤਕੜਾ ਹੋਣ ਕਾਰਨ ਕਾਫੀ ਮਸ਼ਹੂਰ ਸੀ। ਬਜ਼ਰੁਗਾਂ ਤੋਂ ਸੁਣੀ ਗੱਲਬਾਤ ਮੁਤਾਬਿਕ ਉਸ ਦੇ ਗਲ ਵਿੱਚ ਰੱਸੀ ਪਾਈ ਹੁੰਦੀ, ਜਿਸ ਦਾ ਲੜ ਉਸਦੀ ਪਿੱਠ ਤੋਂ ਹੋ ਕੇ ਸੜਕ ਨਾਲ ਘਿਸਦਾ ਰਹਿੰਦਾ। ਸ਼ਾਹੀ ਪਹਿਲਵਾਨ ਹੋਣ ਕਾਰਨ ਉਹ ਜਿਹੜੇ ਮਰਜ਼ੀ ਬਜ਼ਾਰ ’ਚੋਂ ਜੋ ਮਰਜ਼ੀ ਖਾਂਦਾ। ਉਸਦਾ ਮੁਕਾਬਲਾ ਕਰਨ ਲਈ ਉਸ ਦੀ ਰੱਸੀ ’ਤੇ ਪੈਰ ਰੱਖਣਾ ਪੈਂਦਾ। ਜਦੋਂ ਧੌਲ ਅਤੇ ਕੌਲ ਨੂੰ ਇਸ ਬਾਰੇ ਪਤਾ ਲੱਗਾ ਤਾਂ ਉਨ੍ਹਾਂ ਦੇ ਮਨ ’ਚ ਇਸ ਪਹਿਲਵਾਨ ਨਾਲ ਦੋ ਹੱਥ ਕਰਨ ਦੀ ਠਣੀ। ਦੋਵੇਂ ਭਰਾ ਭਰਤਪੁਰ ਤੋਂ ਲਾਹੌਰ ਵੱਲ ਨੂੰ ਤੁਰ ਪਏ। ਮੌਜੂਦਾ ਬੜਾ ਪਿੰਡ ਵਾਲੇ ਸਥਾਨ ’ਤੇ ਦੋਵੇਂ ਭਰਾ ਅਰਾਮ ਕਰਨ ਲਈ ਰੁਕੇ। ਇੱਥੇ ਜ਼ਮੀਨ ਬਹੁਤ ਉਪਜਾਊ ਸੀ, ਪਾਣੀ ਦਾ ਵਧੀਆ ਪ੍ਰਬੰਧ ਸੀ ਅਤੇ ਮੌਸਮ ਵੀ ਬਹੁਤ ਵਧੀਆ ਸੀ। ਅਰਾਮ ਕਰਦਿਆਂ ਕਰਦਿਆਂ ਉਨ੍ਹਾਂ ਵੇਖਿਆ ਕਿ ਇੱਕ ਔਂਸਰ ਝੋਟੀ ਰੱਸਾ ਖੁਲ੍ਹਾ ਕੇ ਖੇਤਾਂ ਵਿੱਚ ਭੱਜੀ ਜਾ ਰਹੀ ਹੈ। ਇੱਕ ਮੁਟਿਆਰ ਉਸ ਦੇ ਪਿੱਛੇ ਭੱਜ ਰਹੀ ਹੈ। ਇਨ੍ਹਾਂ ਵੇਖਿਆ ਕਿ ਭੱਜੀ ਆਉਂਦੀ ਉਸ ਮੁਟਿਆਰ ਨੇ ਝੋਟੀ ਦੇ ਰੱਸੇ ਉਪਰ ਪੈਰ ਰੱਖ ਕੇ ਉਸ ਨੂੰ ਰੋਕ ਲਿਆ। ਝੋਟੀ ਨੇ ਭੱਜਣ ਲਈ ਬਹੁਤ ਜ਼ੋਰ ਲਗਾਇਆ ਪਰ ਰੱਸਾ ਛੁਡਾ ਨਾ ਸਕੀ। ਦੋਵੇਂ ਭਰਾ ਮੁਟਿਆਰ ਦੀ ਖੂਬਸੂਰਤੀ ਅਤੇ ਜ਼ੋਰ ਤੋਂ ਬਹੁਤ ਪ੍ਰਭਾਵਿਤ ਹੋਏ। ਅਗਲੇ ਦਿਨ ਦੋਵੇਂ ਭਰਾ ਲਾਹੌਰ ਵੱਲ ਕੂਚ ਕਰ ਗਏ।
ਲਾਹੌਰ ਜਾ ਕੇ ਇੱਕ ਭਰਾ ਨੇ ਬਜ਼ਾਰ ਵਿੱਚ ਸ਼ਾਹੀ ਪਹਿਲਵਾਨ ਦੀ ਰੱਸੀ ’ਤੇ ਪੈਰ ਰੱਖ ਕੇ ਉਸ ਨੂੰ ਮੁਕਾਬਲਾ ਕਰਨ ਲਈ ਲਲਕਾਰਿਆ। ਲਾਹੌਰ ਦੇ ਰਾਜੇ ਅੱਗੇ ਹੋਈ ਇਸ ਕੁਸ਼ਤੀ ਵਿੱਚ ਸਹੋਤਿਆਂ ’ਚੋਂ ਇੱਕ ਨੇ ਸ਼ਾਹੀ ਪਹਿਲਵਾਨ ਨੂੰ ਚਿੱਤ ਕਰ ਦਿੱਤਾ। ਰਾਜੇ ਨੇ ਖੁਸ਼ ਹੁੰਦਿਆਂ ਮੂੰਹ ਮੰਗਿਆ ਇਨਾਮ ਦੇਣ ਦਾ ਐਲਾਨ ਕੀਤਾ। ਦੋਹਾਂ ਭਰਾਵਾਂ ਨੇ ਸਲਾਹ ਕੀਤੀ ਅਤੇ ਰਾਜੇ ਅੱਗੇ ਬੇਨਤੀ ਕੀਤੀ ਕਿ ਸਾਨੂੰ ਮੌਜੂਦਾ ਬੜਾ ਵਾਲਾ ਪਿੰਡ ਇਲਾਕਾ ਦਿੱਤਾ ਜਾਵੇ ਅਤੇ ਔਂਸਰ ਝੋਟੀ ਰੋਕਣ ਵਾਲੀ ਉਸ ਖੂਬਸੂਰਤ ਮੁਟਿਆਰ ਨਾਲ ਸਾਡੇ ’ਚੋਂ ਇੱਕ ਦਾ ਵਿਆਹ ਕਰਾਇਆ ਜਾਵੇ। ਰਾਜੇ ਨੇ ਦੋਵੇਂ ਸ਼ਰਤਾਂ ਮੰਨ ਲਈਆਂ। ਦੋਵੇਂ ਭਰਾ ਮੌਜੂਦਾ ਬੜਾ ਪਿੰਡ ਇਲਾਕੇ ਦੇ ਮਾਲਕ ਹੋ ਗਏ। (ਯਾਦ ਰਹੇ ਬੜਾ ਪਿੰਡ ਨਾਮ ਇੱਥੇ ਲੇਖਕ ਨੇ ਸਿਰਫ ਪਾਠਕਾਂ ਨੂੰ ਜਾਣਕਾਰੀ ਦੇਣ ਲਈ ਵਰਤਿਆ ਹੈ। ਉਸ ਵੇਲੇ ਇਸ ਇਲਾਕੇ ਦੇ ਨਾਮ ਬਾਰੇ ਪਤਾ ਨਹੀਂ ਚੱਲ ਸਕਿਆ)। ਧੌਲ ਦਾ ਵਿਆਹ ਉਸ ਲੜਕੀ ਨਾਲ ਹੋਇਆ, ਜਦਕਿ ਛੋਟੇ ਭਰਾ ਕੌਲ ਨੇ ਵੀ ਇਸੇ ਇਲਾਕੇ ਦੀ ਇੱਕ ਹੋਰ ਲੜਕੀ ਨਾਲ ਵਿਆਹ ਕਰਵਾਇਆ।
ਦੋਹਾਂ ਦੇ ਨਾਮ ’ਤੇ ਦੋ ਪਿੰਡ ਧੌਲ ਤੋਂ ਧੁਲੇਤਾ ਅਤੇ ਕੌਲ ਤੋਂ ਕੁਲੇਤਾ ਵਸੇ। ਕੁਲੇਤਾ ਪਿੰਡ ਦੇ ਵੰਸ਼ਜ ਅਬਾਦੀ ਪੱਖੋਂ ਇੰਨੇ ਵਧੇ ਕਿ ਹੌਲੀ ਹੌਲੀ ਇਹ ਪਿੰਡ ਅਬਾਦੀ ਪੱਖੋਂ ਬਹੁਤ ਵੱਡਾ ਹੋ ਗਿਆ ਅਤੇ ਇਸ ਨੂੰ ਬੜਾ ਪਿੰਡ ਕਿਹਾ ਜਾਣ ਲੱਗਾ, ਜੋ ਕਿ ਅੱਜ ਤੱਕ ਜਾਰੀ ਹੈ।
ਧੁਲੇਤੇ ਵਿੱਚ ਅਗਾਂਹ ਵੰਸ਼ ਤੋਂ ਬਾਅਦ ਵੰਸ਼ ਚਲਦਾ ਰਿਹਾ। ਕੁਲੇਤਾ ਜਾਣੀਕਿ ਬੜਾ ਪਿੰਡ ਦੀ ਕਹਾਣੀ ਅੱਗੇ ਇੰਝ ਦੱਸੀ ਗਈ ਹੈ। ਕੌਲ ਦੇ ਅਗਾਂਹ ਚਾਰ ਪੁੱਤਰ – ਹਰੀ, ਬੇਲ, ਮੇਣ ਅਤੇ ਚੰਦ ਹੋਏ, ਜਿਨ੍ਹਾਂ ’ਚੋਂ ਤਿੰਨ ਮਾਹਿਲਪੁਰ ਦੇ ਇਲਾਕੇ ’ਚ ਜਾ ਕੇ ਵਸ ਗਏ। ਸਹੋਤਿਆਂ ਦਾ ਮੁੱਖ ਧੰਦਾ ਉਸ ਵੇਲੇ ਖੇਤੀ ਕਰਨੀ, ਸ਼ਿਕਾਰ ਖੇਡਣਾ ਅਤੇ ਘੋੜੇ ਪਾਲਣੇ ਸਨ। ਇਹ ਜੱਟ ਕਬੀਲੇ ਬੇਪ੍ਰਵਾਹ ਹੋ ਕੇ ਘੁੰਮਦੇ ਰਹਿੰਦੇ। ਮਾਹਿਲਪੁਰ ਵੱਲ ਜਾਣ ਵਾਲੇ ਸਹੋਤਾ ਭਰਾਵਾਂ ਨੇ ਬਾੜੀਆਂ ਅਤੇ ਚਾਰ ਪਿੰਡ ਹੋਰ ਵਸਾਏ, ਜਿਨ੍ਹਾਂ ਵਿੱਚ ਅੱਜ ਵੀ ਸਹੋਤੇ ਵਸਦੇ ਹਨ।
ਅਗਾਂਹ ਵੰਸ਼ ਫਿਰ ਚਲਦਾ ਰਿਹਾ। ਹਰੀ ਤੋਂ ਬਾਅਦ ਕਬੀਲੇ ਦਾ ਮੁਖੀ ਗੋਪਾਲ, ਫਿਰ ਚੂਹੜ, ਫਿਰ ਭੌਂਦੜ, ਫਿਰ ਹਿੰਦੂ, ਫਿਰ ਜੋਗੀ, ਫਿਰ ਰਾਮ ਬਣੇ। ਰਾਮ ਦੇ ਦੋ ਪੁੱਤਰਾਂ ਢੋਲ ਅਤੇ ਰੱਤੂ ਨੇ ਪੱਤੀ ਧੁੰਨੀ ਕੀ ਵਸਾਈ ਜਦਕਿ ਤੀਸਰੇ ਪੁੱਤਰ ਰਾਣੇ ਨੇ ਪਿੰਡ ਫਲਪੋਤਾ ਜਾ ਵਸਾਇਆ। ਉਸ ਤੋਂ ਬਾਅਦ ਮਨਸੂਰ, ਫਿਰ ਰਣ ਦੂਲੋਂ ਕਬੀਲੇ ਦੇ ਮੁਖੀ ਬਣੇ। ਰਣਦੂਲੋਂ ਦੇ ਦੋ ਪੁੱਤਰ ਰਾਏ ਸਰਜਾ ਅਤੇ ਰਾਏ ਮਿਰਜਾ ਹੋਏ। ਰਾਏ ਮਿਰਜੇ ਨੇ ਆਪਣੀ ਵੱਖਰੀ ਪੱਤੀ ਠਾਂਗਰ ਕੀ ਵਸਾਈ। ਫਿਰ ਮਿਰਜੇ ਦੇ ਚਾਰ ਪੁੱਤਰ ਹੋਏ- ਲੰਗਰ, ਤਲੋਕਾ, ਅਬਲਖੈਰਾ ਅਤੇ ਬਿਧੀ ਚੰਦ।
ਲੰਗਰ ਦੀ ਔਲਾਦ ਪੱਤੀ ਠਾਂਗਰ ਕੀ ’ਚ ਰਹੀ ਜਦਕਿ ਤਲੋਕੇ ਨੇ ਪੱਤੀ ਮਾਣੇ ਕੀ, ਅਬਲਖੈਰੇ ਨੇ ਪੱਤੀ ਫਤੂਹੀ ਕੀ, ਬਿਧੀ ਚੰਦ ਨੇ ਪੱਤੀ ਜੱਸੇ ਕੀ ਵਸਾਈਆਂ।
ਲੰਗਰ ਦੇ ਅਗਾਂਹ ਦੋ ਪੁੱਤਰ ਹੋਏ ਲਾਲਾ ਅਤੇ ਨਿਹਾਲਾ। ਲਾਲੇ ਨੇ ਪੱਤੀ ਲਾਲੂ ਕੀ ਵਸਾਈ ਜਦਕਿ ਨਿਹਾਲੇ ਨੇ ਪੱਤੀ ਨਿਹਾਲੂ ਕੀ ਵਸਾਈ। ਪੱਤੀ ਨਿਹਾਲੂ ਕੀ ਦਾ ਪਹਿਲਾ ਨਾਂ ਪੱਤੀ ਰਾਮਾ ਵੀ ਰਿਹਾ। ਅਬਲ ਖੈਰੇ ਦਾ ਪੁੱਤਰ ਸੁਜਾਨ ਸਿੰਘ, ਸੁਜਾਨ ਸਿੰਘ ਦਾ ਪੁੱਤਰ ਜੈਚੰਦ ਸਿੰਘ ਅਤੇ ਜੈਚੰਦ ਸਿੰਘ ਦਾ ਪੁੱਤਰ ਲਮਖੀਰ ਸਿੰਘ ਹੋਏ। ਲਮਖੀਰ ਸਿੰਘ ਨੇ ਪੱਤੀ ਲਮਖੀਰ ਕੀ ਵਸਾਈ। ਬਾਲੇ ਦੇ ਤਿੰਨ ਪੁੱਤਰ ਹੋਏ ਬਾਘ ਮੱਲ, ਨੱਥ ਮੱਲ ਅਤੇ ਬਖਤ ਮੱਲ। ਬਾਘ ਮੱਲ ਅਤੇ ਨੱਥ ਮਲ ਦੀ ਔਲਾਦ ਅੱਜ ਵੀ ਪਿੰਡ ’ਚ ਵਸ ਰਹੀ ਹੈ। ਇਨ੍ਹਾਂ ਦੇ ਨਾਵਾਂ ਤੇ ਪੱਤੀਆਂ – ਪੱਤੀ ਬਾਘਮੱਲ ਅਤੇ ਪੱਤੀ ਨੱਥਮੱਲ ਬਣੀਆਂ, ਜਦ ਕਿ ਬਖਤਮੱਲ, ਜੋ ਕਿ ਅੰਨ੍ਹਾ ਸੀ, ਨੂੰ ਮੌਜੂਦਾ ਚੱਕ ਦੇਸ ਰਾਜ ਵਿਖੇ ਜ਼ਮੀਨ ਦਿੱਤੀ ਗਈ। ਚੱਕ ਦੇਸ ਰਾਜ ਤਾਂ ਇਸ ਦਾ ਕਿਤਾਬੀ ਨਾਮ ਹੈ ਜਦਕਿ ਪੁਰਾਣੇ ਬਜ਼ੁਰਗਾਂ ਅਨੁਸਾਰ ਇਸ ਦਾ ਨਾਮ ˆਅੰਨ੍ਹਿਆਂ ਦਾ ਚੱਕ’ ਹੀ ਹੈ ਅਤੇ ਬਹੁਤੇ ਲੋਕ ਇਸਨੂੰ ˆਅੰਨ੍ਹਿਆਂ ਦਾ ਚੱਕ’ ਹੀ ਕਹਿੰਦੇ ਹਨ।
ਇਨ੍ਹਾਂ ਹੀ ਸਹੋਤਿਆਂ ਦੇ ਟੱਬਰ ’ਚੋਂ ਕਿਸੇ ਸਹੋਤੇ ਨੂੰ ਨਾਨਕੀਂ ਜ਼ਮੀਨ ਮਿਲੀ ਅਤੇ ਉਹ ਉੱਥੇ ਹੀ ਜਾ ਵਸਿਆ। ਇਸ ਜਗ੍ਹਾ ਦਾ ਨਾਮ ਚੱਕ ਸਾਹਬੂ ਹੈ, ਜੋ ਕਿ ਅੱਪਰਾ ਕਸਬੇ ਦੀ ਹੱਦ ਵਿੱਚ ਹੀ ਪੈ ਜਾਂਦਾ ਹੈ। ਇਸ ਸਮੇਂ ਤੱਕ ਆ ਕੇ ਖੇਤੀਬਾੜੀ ਹੀ ਸਹੋਤਿਆਂ ਦਾ ਮੁੱਖ ਧੰਦਾ ਬਣ ਚੁੱਕੀ ਸੀ। ਵਧੀਆ ਜ਼ਮੀਨ ਦੀ ਭਾਲ ’ਚ ਜਦ ਪੰਜਾਬ ਦੇ ਜੱਟ ਲਾਇਲਪੁਰ ਦੀਆਂ ਬਾਰਾਂ ’ਚ ਗਏ ਤਾਂ ਸਹੋਤੇ ਵੀ ਉਨ੍ਹਾਂ ’ਚੋਂ ਇੱਕ ਸਨ। ਉਨ੍ਹਾਂ ਉੱਥੇ ਜਾ ਕੇ ਕਾਫੀ ਮਿਹਨਤ ਕੀਤੀ। ਜ਼ਮੀਨਾਂ ਜਾਇਦਾਦਾਂ ਬਣਾਈਆਂ। ਪਰ 1947 ਦੀ ਵੰਡ ਵੇਲੇ ਸਹੋਤਿਆਂ ਨੂੰ ਵੀ ਬਾਕੀ ਲੋਕਾਂ ਵਾਂਗ ਉੱਜੜ ਕੇ ਇੱਧਰ ਆਉਣਾ ਪਿਆ। ਬਾਕੀ ਸਹੋਤੇ ਇਸ ਵੇਲੇ ਬੜਾ ਪਿੰਡ, ਧਲੇਤੇ, ਚੱਕ ਹੀ ਵਸਦੇ ਰਹੇ। ਬਾਰ ’ਚ ਗਏ ਸਹੋਤਿਆਂ ਦੇ ਪਰਿਵਾਰ ਜ਼ਿਆਦਾਤਰ ਚੱਕ ਨੰਬਰ 66 ਅਤੇ ਆਸ-ਪਾਸ ਦੇ ਪਿੰਡਾਂ ਵਿੱਚ ਰਹਿੰਦੇ ਸਨ। ਇਸ ਵੇਲੇ ਪਿੰਡ ਦਾ ਨਾਂ ਚੱਕ 66 ਹੀ ਹੈ ਜਦਕਿ ਹੁਣ ਇਹ ਤਹਿਸੀਲ ਜੜਾਂਵਾਲਾ ’ਚ ਪੈਂਦਾ ਹੈ। ਜ਼ਿਲ੍ਹੇ ਦਾ ਨਾਮ ਉਦੋਂ ਲਾਇਲਪੁਰ ਸੀ, ਜਿਸਨੂੰ ਹੁਣ ਫੈਸਲਾਬਾਦ ਕਿਹਾ ਜਾਂਦਾ ਹੈ।
ਮੌਜੂਦਾ ਪੱਤੀ ਕਮਾਲਪੁਰ ਵਿਖੇ 47 ਤੋਂ ਪਹਿਲਾਂ ਅਰਾਈਂ (ਮੁਸਲਮਾਨ) ਵਸਦੇ ਸਨ। 47 ਦੀ ਵੰਡ ਵੇਲੇ ਉਹ ਉੱਜੜ ਕੇ ਪਾਕਿਸਤਾਨ ਚਲੇ ਗਏ ਅਤੇ ਉਧਰੋਂ ਉੱਜੜ ਕੇ ਆਏ ਕਈ ਸਹੋਤੇ ਬੜਾ ਪਿੰਡ ਅਤੇ ਕਈ ਕਮਾਲਪੁਰ ਆ ਕੇ ਵਸ ਗਏ।
ਅੱਜ ਸਹੋਤੇ ਪੰਜਾਬ ਦੇ ਮਾਲਵੇ ਅਤੇ ਮਾਝੇ ’ਚ ਵੀ ਵਸ ਗਏ ਹਨ। ਕੋਈ ਟਾਵਾਂ ਟਾਵਾਂ ਸਹੋਤਾ ਭਾਰਤ ਅਤੇ ਪਾਕਿਸਤਾਨ ਦੇ ਹੋਰ ਸੂਬਿਆਂ ’ਚ ਵੀ ਹੈ। ਬੜਾ ਪਿੰਡ, ਧੁਲੇਤਾ, ਚੱਕ ਤੋਂ ਕਈ ਸਹੋਤੇ ਯੂ. ਪੀ. ਜਾ ਕੇ ਵਸੇ ਅਤੇ ਹੁਣ ਵਧੀਆ ਜ਼ਮੀਨਾਂ ਅਤੇ ਕਾਰੋਬਾਰਾਂ ਦੇ ਮਾਲਕ ਹਨ। ਜਦਕਿ ਸੈਂਕੜੇ ਹੀ ਨਹੀਂ ਬਲਕਿ ਹਜ਼ਾਰਾਂ ਸਹੋਤੇ ਅੱਜਕੱਲ੍ਹ ਕੈਨੇਡਾ, ਅਮਰੀਕਾ, ਇੰਗਲੈਂਡ, ਜਰਮਨੀ, ਇਟਲੀ, ਫਰਾਂਸ, ਅਸਟਰੇਲੀਆ, ਨਿਊਜ਼ੀਲੈਂਡ ਅਤੇ ਪਤਾ ਨਹੀਂ ਹੋਰ ਦੁਨੀਆਂ ਦੇ ਕਿੰਨੇ ਮੁਲਕਾਂ ’ਚ ਵਸ ਰਹੇ ਹਨ।
-ਗੁਰਪ੍ਰੀਤ ਸਿੰਘ ਸਹੋਤਾ (ਲੱਕੀ)
ਸੰਪਾਦਕ, ਚੜ੍ਹਦੀ ਕਲਾ ਨਿਊਜ਼ ਗਰੁੱਪ, ਸਰੀ, ਕੈਨੇਡਾ
ਵਿਸ਼ੇਸ਼ ਨੋਟ:
ਇਹ ਸਾਰਾ ਇਤਿਹਾਸ ਲੇਖਕ ਨੇ ਵੱਖ ਵੱਖ ਵਸੀਲਿਆਂ ਤੋਂ ਜਾਣਕਾਰੀ ਇਕੱਤਰ ਕਰਕੇ ਪ੍ਰਾਪਤ ਕੀਤਾ ਹੈ। ਜੇਕਰ ਕਿਸੇ ਹੋਰ ਵਿਅਕਤੀ ਕੋਲ ਇਸ ਸਬੰਧੀ ਹੋਰ ਜਾਣਕਾਰੀ ਹੋਵੇ ਤਾਂ ਕਿਰਪਾ ਕਰਕੇ ਲੇਖਕ ਨਾਲ ਸੰਪਰਕ ਕੀਤਾ ਜਾਵੇ।
ਫੋਨ: 604-598-7771 or email: cknewsgroup@yahoo.com