ਘਰਾਂ/ਦਫ਼ਤਰਾਂ ਤੇ ਹਸਪਤਾਲਾਂ ’ਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਇਜ਼ੀ ਜਾਰੀ

ਬੜਾ ਪਿੰਡ, 29 ਅਪ੍ਰੈਲ: ਸਿਹਤ ਤੇ ਪਰਿਵਾਰ ਭਲਾਈ ਵਿਭਾਗ ਵਲੋਂ ਵਲੋਂ ਕੋਵਿਡ-19 ਮਹਾਂਮਾਰੀ ਦੌਰਾਨ ਘਰਾਂ/ਦਫ਼ਤਰਾਂ ਤੇ ਹਸਪਤਾਲਾਂ ਵਿੱਚ ਏਅਰ ਕੰਡੀਸ਼ਨਰ ਦੀ ਵਰਤੋਂ ਸੰਬੰਧੀ ਅਡਵਾਇਜ਼ਰੀ ਜਾਰੀ ਕੀਤੀ ਗਈ ਹੈ।

ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸੀਨੀਅਰ ਮੈਡੀਕਲ ਅਫਸਰ ਕਮਿਉਨਿਟੀ ਹੈਲਥ ਸੈਂਟਰ ਬੜਾ ਪਿੰਡ ਡਾ ਜੋਤੀ ਫੁਕੇਲਾ ਨੇ ਦੱਸਿਆ ਕਿ ਪਿੱਛਲੇ ਕੁਝ ਹਫ਼ਤਿਆਂ ਤੋਂ ਗਰਮੀ ਦੇ ਮੌਸਮ ਦੀ ਸ਼ੁਰੂਆਤ ਹੋਣ ਦੇ ਚੱਲਦੇ ਏਅਰ ਕੰਡੀਸ਼ਨਰਾਂ / ਕੂਲਰਾਂ ਦਾ ਕੋਵਿਡ-19 ਦੇ ਮੱਦੇਨਜ਼ਰ ਸੁਰੱਖਿਅਤ ਢੰਗ ਨਾਲ ਵਰਤੋਂ ਕਰਨ ਸੰਬੰਧੀ ਕੁਝ ਪੱਖ ਸਾਹਮਣੇ ਆਏ ਹਨ। ਉਨ੍ਹਾਂ ਦੱਸਿਆ ਕਿ ਏਅਰ ਕੰਡੀਸ਼ਨਰ ਇੱਕ ਕਮਰੇ ਵਿਚਲੀ ਹਵਾ ਨੂੰ ਘੁੰਮਾ ਕੇ (ਰੀ-ਸਰਕੁਲੇਟ) ਦੁਬਾਰਾ ਠੰਡਾ ਕਰਨ ਦੇ ਨਿਯਮ ਤੇ ਕੰਮ ਕਰਦਾ ਹੈ ਅਤੇ ਮੌਜੂਦਾ ਕੋਵਿਡ-19 ਦੀ ਸਥਿਤੀ ਵਿੱਚ ਏਅਰ ਕੰਡੀਸ਼ਨਰ ਦੀ ਵੱਡੇ ਸਥਾਨਾਂ ਜਿਵੇਂ ਕਿ ਸ਼ਾਪਿੰਗ ਮਾਲ, ਦਫ਼ਤਰ, ਹਸਪਤਾਲ ਆਦਿ ਵਿੱਚ ਵਰਤੋਂ ਦੇ ਨਾਲ ਲੋਕਾਂ ਨੂੰ ਖ਼ਤਰਾ ਹੋ ਸਕਦਾ ਹੈ।
ਉਨ੍ਹਾਂ ਦੱਸਿਆ ਕਿ ਇਸ ਦੇ ਚੱਲਦੇ ਸੂਬੇ ਵੱਲੋਂ ਅਜਿਹੀਆਂ ਸ਼ੰਕਾਵਾਂ ਨੂੰ ਦੂਰ ਕਰਨ ਲਈ ਏਅਰ ਕੰਡੀਸ਼ਨਰ / ਕੂਲਰਾਂ ਦੀ ਵੱਖ-ਵੱਖ ਥਾਵਾਂ ’ਤੇ ਵਰਤੋਂ ਸੰਬੰਧੀ ਨਿਰਦੇਸ਼ ਜਾਰੀ ਕਰਨ ਦਾ ਫ਼ੈਸਲਾ ਕੀਤਾ ਗਿਆ ਹੈ। ਵੱਖ-ਵੱਖ ਥਾਵਾਂ ਤੇ ਏਸੀ ਦੀ ਵਰਤੋਂ ਕਰਨ ਸੰਬੰਧੀ ਜ਼ਰੂਰੀ ਸਲਾਹਾਂ / ਦਿਸ਼ਾ ਨਿਰਦੇਸ਼ ਤਹਿਤ ਘਰੇਲੂ ਥਾਵਾਂ ਵਿੱਚ ਏਅਰ ਕੰਡੀਸ਼ਨਰ ਦੁਆਰਾ ਕਮਰੇ ਵਿੱਚ ਵਾਰ-ਵਾਰ ਘੁੰਮਣ ਵਾਲੀ ਹਵਾ ਵਿੱਚ ਬਾਹਰੀ ਤਾਜ਼ੀ ਹਵਾ ਦਾ ਮੇਲ ਜ਼ਰੂਰੀ ਹੈ, ਜਿਸ ਲਈ ਖਿੜਕੀ ਨੂੰ ਥੋੜਾ ਜਿਹਾ ਖੋਲ ਕੇ ਰੱਖਿਆ ਜਾ ਸਕਦਾ ਹੈ ਤਾਂ ਜੋ ਕੁਦਰਤੀ ਹਵਾ ਕਮਰੇ ਵਿੱਚ ਦਾਖਿਲ ਹੋ ਸਕੇ ਅਤੇ ਬੰਦ ਹਵਾ ਨੂੰ ਬਾਹਰ ਜਾਣ ਦਾ ਰਸਤਾ ਮਿਲ ਪਾਵੇ। ਕਮਰੇ ਦਾ ਤਾਪਮਾਨ 24 ਤੋਂ 27 ਡਿਗਰੀ ਸੈਲਸੀਅਸ ਵਿੱਚ ਸੈੱਟ ਕੀਤਾ ਜਾਵੇ ਅਤੇ ਨਮੀਂ (ਹਿੳੂੂਮੀਡਿਟੀ) ਨੂੰ 40 ਤੋਂ 70 ਪ੍ਰਤੀਸ਼ਤ ਵਿੱਚ ਰੱਖੀ ਜਾਵੇ। ਏਅਰ ਕੰਡੀਸ਼ਨਰ ਦੀ ਸਮੇਂ-ਸਮੇਂ ਤੇ ਸਰਵਿਸ ਕਰਵਾਈ ਜਾਵੇ ਤਾਂ ਜੋ ਫਿਲਟਰ ਸਾਫ਼ ਰਹਿਣ। ਜ਼ਿਆਦਾ ਲੋਕਾਂ ਵਾਲੇ ਕਮਰੇ ਵਿੱਚ ਹਵਾ ਬਾਹਰ ਕੱਢਣ ਵਾਲਾ ਪੱਖਾ (ਐਗਜ਼ਾਸਟਫੈਨ) ਲਗਾਇਆ ਜਾ ਸਕਦਾ ਹੈ।