ਸਿਹਤ ਵਿਭਾਗ ਪੰਜਾਬ ਵੱਲੋਂ ਰਮਜ਼ਾਨ ਸੰਬੰਧੀ ਐਡਵਾਈਜ਼ਰੀ

ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਪੰਜਾਬ ਵੱਲੋਂ ਮਿਤੀ 21 ਅਪ੍ਰੈਲ 2020 ਨੂੰ ਕੋਵਿਡ -19 ਮਹਾਂਮਾਰੀ ਦੌਰਾਨ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਸੁਰੱਖਿਅਤ ਡੰਗ ਨਾਲ ਮਨਾਉਣ ਲਈ ਸਲਾਹ (ਐਡਵਾਈਜ਼ਰੀ) ਜਾਰੀ ਕੀਤੀ ਗਈ ਹੈ।

ਕੋਰੋਨਾ ਵਾਇਰਸ (ਕੋਵਿਡ-19) ਸਿਸਟਮਿਕ ਬਿਮਾਰੀ ਹੈ, ਜੋ ਨੋਵਲ ਕੋਰੋਨਾ ਵਾਇਰਸ (SARS-CoV-2) ਨਾਲ ਹੁੰਦੀ ਹੈ ਅਤੇ ਜ਼ਿਆਦਾਤਰ ਮੌਕਿਆਂ ਤੇ ਛਿੱਕਾਂ ਤੇ ਖੰਘ ਦੇ ਛਿੱਟਿਆਂ ਰਾਹੀਂ ਸਾਹ ਜ਼ਰੀਏ ਅੰਦਰ ਜਾਣ ਨਾਲ, ਪੀੜ੍ਹਤ ਵਿਅਕਤੀ ਦੇ ਸੰਪਰਕ ਵਿੱਚ ਆਉਣ ਨਾਲ ਅਤੇ ਸੰਕ੍ਰਮਿਤ ਚੀਜ਼ਾਂ/ਵਸਤੂਆਂ ਨੂੰ ਛੂਹਣ ਨਾਲ ਫੈਲਦੀ ਹੈ। ਹਾਲਾਂਕਿ ਇਹ ਵਾਇਰਸ ਵੱਖ-ਵੱਖ ਸਤਿਹਾਂ ਉੱਪਰ ਵੱਖ-ਵੱਖ ਸਮੇਂ ਤੱਕ ਜੀਵਤ ਰਹਿੰਦਾ ਹੈ, ਪਰ ਕੈਮੀਕਲ ਡਿਸਇੰਫੈਕਸ਼ਨ ਨਾਲ ਇਹ ਆਸਾਨੀ ਨਾਲ ਖ਼ਤਮ ਹੋ ਜਾਂਦਾ ਹੈ। ਇਸ ਲਈ ਜੇਕਰ ਸਹੀ ਅਤੇ ਸਮੇਂ ਤੇ ਜਾਣਕਾਰੀ ਹੋਵੇ ਤਾਂ ਕੋਰੋਨਾ ਵਾਇਰਸ ਮਹਾਂਮਾਰੀ ਨੂੰ ਰੋਕਿਆ ਜਾ ਸਕਦਾ ਹੈ।

ਪੰਜਾਬ ਸਰਕਾਰ ਵੱਲੋਂ ਇਸ ਵਾਇਰਸ ਦੇ ਇੱਕ ਵਿਅਕਤੀ ਤੋਂ ਦੂਜੇ ਵਿਅਕਤੀ ਤੱਕ ਫੈਲਾਅ ਨੂੰ ਰੋਕਣ ਲਈ ਲੋਕਾਂ ਦੇ ਬਾਹਰ ਘੁੰਮਣ ਅਤੇ ਇਕੱਠ ਕਰਨ ਤੇ ਪਾਬੰਦੀ ਲਗਾਈ ਗਈ ਹੈ। ਕੋਵਿਡ-19 ਮਹਾਂਮਾਰੀ ਦੌਰਾਨ ਪਾਬੰਦੀਆਂ ਦੇ ਚੱਲਦੇ ਰਮਜ਼ਾਨ ਦੇ ਪਵਿੱਤਰ ਮਹੀਨੇ ਨੂੰ ਮਨਾਉਣ ਲਈ ਕੁਝ ਜ਼ਰੂਰੀ ਬਚਾਅ ਅਤੇ ਸਾਵਧਾਨੀਆਂ ਦੀ ਸਖ਼ਤੀ ਨਾਲ ਪਾਲਣਾ ਕੀਤੀ ਜਾਵੇ।

ਪੰਜਾਬ ਸਰਕਾਰ ਵੱਲੋਂ ਸਭ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਹੇਠ ਲਿਖੇ ਵਿਸ਼ੇਸ਼ ਤੇ ਆਮ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।

ਵਿਸ਼ੇਸ਼ ਦਿਸ਼ਾ-ਨਿਰਦੇਸ਼
1. ਸਮੂਹ ਮਸਜਿਦ/ਦਰਗਾਹ/ਇਮਾਮਬਾੜ੍ਹਾ ਤੇ ਹੋਰ ਧਾਰਮਿਕ ਸਥਾਨ ਬੰਦ ਰਹਿਣਗੇ ਅਤੇ ਉੱਥੇ ਨਮਾਜ਼-ਏ-ਬਜ਼ਾਮਾਤ ਦੇ ਨਾਲ ਜੁੰਮਾ ਅਤੇ ਤਰਵੀਹ ਨਮਾਜ਼ ਤੇ ਵੀ ਪੂਰਨ ਪਾਬੰਦੀ ਰਹੇਗੀ। ਲੋਕਾਂ ਨੂੰ ਸਲਾਹ ਹੈ ਕਿ ਘਰਾਂ ਤੋਂ ਹੀ ਨਮਾਜ਼ ਅਦਾ ਕੀਤੀ ਜਾਵੇ।

2. ਕਿਸੇ ਵੀ ਤਰ੍ਹਾਂ ਦਾ ਸਮਾਗਮ ਜਿਸ ਵਿੱਚ ਉਰਸ, ਪਬਲਿਕ ਤੇ ਨਿੱਜੀ ਇਫਤਾਰ ਪਾਰਟੀ/ਸਮਾਰੋਹ, ਦਾਵਤ-ਏ-ਸੇਹਰੀ ਅਤ ਹੋਰ ਧਾਰਮਕਿ ਸਮਰੋਹ, ਜਿਸ ਵਿੱਚ ਸ਼ਰਧਾਲੂਆਂ ਦਾ ਇਕੱਠ ਹੁੰਦਾ ਹੈ, ਉਨ੍ਹਾਂ ਤੇ ਸਖ਼ਤ ਪਾਬੰਦੀ ਲਗਾਈ ਜਾਵੇ।

3. ਮਸਜਿਦਾਂ ਜਾਂ ਘਰਾਂ ਵਿੱਚ ਜਾ ਕੇ ਲੋਕਾਂ ਨੂੰ ਵੰਡੇ ਜਾਣ ਵਾਲੇ ਸਮਾਨ ਜਿਵੇਂ ਕਿ ਜੂਸ, ਸ਼ਰਬਤ ਅਤੇ ਹੋਰ ਖਾਦ ਪਦਾਰਥਾਂ ਤੇ ਸਖ਼ਤ ਪਾਬੰਦੀ ਲਗਾਈ ਜਾਵੇ। ਮਸਜਿਦਾਂ ਦੇ ਆਸ-ਪਾਸ ਖਾਣ-ਪੀਣ ਦੀਆਂ ਦੁਕਾਨਾਂ/ਠੇਲੇ ਆਦਿ ਬੰਦ ਰੱਖੇ ਜਾਣ।

4. ਸ਼ੂਗਰ, ਦਿਲ ਦੀਆਂ ਬਿਮਾਰੀਆਂ ਆਦਿ ਦੇ ਮਰੀਜ ਡਾਕਟਰੀ ਸਲਾਹ ਉਪਰੰਤ ਹੀ ਰੋਜ਼ਾ ਰੱਖਣ।

5. ਕੋਵਿਡ-19 ਦੇ ਮਰੀਜਾਂ ਵੱਲੋਂ ਰੋਜ਼ਾ ਰੱਖਣ ਤੋਂ ਪਹਿਲਾਂ ਡਾਕਟਰੀ ਸਲਾਹ ਜ਼ਰੂਰ ਲਵੇ। ਜਿਵੇਂ ਕਿ ਕਿਸੇ ਵੀ ਬਿਮਾਰੀ ਸਮੇਂ ਸਲਾਹ ਲਈ ਜਾਂਦੀ ਹੈ।

6. ਗਰਮੀ ਦੇ ਦਿਨਾਂ ਦੀ ਪਹਿਲਾਂ ਹੀ ਸ਼ੁਰੂਆਤ ਹੋ ਚੁੱਕੀ ਹੈ ਅਤੇ ਆਉਣ ਵਾਲੇ ਦਿਨਾਂ ‘ਚ ਹੋਰ ਜ਼ਿਆਦਾ ਗਰਮੀ ਹੋਣ ਦੀ ਉਮੀਦ ਹੈ। ਇਸ ਲਈ ਰੋਜ਼ਾ ਰੱਖ ਰਹੇ ਲੋਕਾਂ ਨੂੰ ਖਾਣ-ਪੀਣ ਦਾ ਪੂਰਾ ਧਿਆਨ ਰੱਖਣ ਦੀ ਬੇਨਤੀ ਕੀਤੀ ਜਾਂਦੀ ਹੈ।

7. ਮਸਜਿਦਾਂ ਵਿੱਚ ਪਬਲਿਕ ਐਡਰੈਸ ਸਿਸਟਮ ਦਾ ਉਪਯੋਗ ਕੇਵਲ ਸਥਾਨਿਕ ਪ੍ਰਸ਼ਾਸਨ ਵੱਲੋਂ ਜਾਰੀ ਅਨਾਉਂਸਮੈਂਟ ਲਈ ਹੀ ਕੀਤਾ ਜਾਵੇ ਅਤੇ ਲੋੜ ਪੈਣ ਤੇ ਸੇਹਰੀ ਦਾ ਖ਼ਤਮ ਹੋਣਾ ਅਤੇ ਇਫਤਾਰ ਸਮੇਂ ਦਾ ਸ਼ੁਰੂ ਹੋਣ ਦੇ ਸੰਬੰਧ ਵਿੱਚ ਜਾਣਕਾਰੀ ਦਿੱਤੀ ਜਾ ਸਕਦੀ ਹੈ।

8. ਰਮਜ਼ਾਨ ਦੇ ਪਵਿੱਤਰ ਮਹੀਨੇ ਦੌਰਾਨ ਲੋਕਾ ਵੱਲੋਂ ਖਰੀਦਦਾਰੀ ਕਰਨ ਸਮੇਂ ਸਮਾਜਿਕ ਦੂਰੀ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਦੇ ਹੋਏ ਇੱਕ-ਦੂਜੇ ਤੋਂ ਘੱਟੋ-ਘੱਟ 1 ਮੀਟਰ ਦੀ ਦੂਰੀ ਬਣਾ ਕੇ ਰੱਖੀ ਜਾਵੇ। ਲੋਕਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਖਰੀਦਦਾਰੀ ਕਰਨ ਸਮੇਂ ਆਪਣੇ ਘਰ ਤੋਂ ਹੀ ਕੱਪੜੇ ਦਾ ਬੈਗ ਲੈ ਕੇ ਜਾਣ ਅਤੇ ਇਸਨੂੰ ਇਸਤੇਮਾਲ ਕਰਨ ਤੋਂ ਬਾਅਦ ਸਾਬਣ ਤੇ ਕੋਸੇ ਪਾਣੀ ਨਾਲ ਧੋ ਲਵੋ।

9. ਜੇਕਰ ਕੋਈ ਵਿਅਕਤੀ ਪੈਸੇ/ਸਮਾਨ ਦਾਨ ਕਰਨਾ ਚਾਹੁੰਦਾ ਹੈ ਤਾਂ ਇਸ ਬਾਰੇ ਵੀ ਸਰਕਾਰ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕੀਤੀ ਜਾਵੇ।

10. ਸਰਕਾਰ ਵੱਲੋਂ ਸਾਰੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਕਿਸੇ ਵੀ ਪ੍ਰਕਾਰ ਦਾ ਜਨਤਕ ਇਕੱਠ ਨਾ ਕੀਤਾ ਜਾਵੇ ਅਤੇ ਹੋਰਾਂ ਨੂੰ ਵੀ ਅਜਿਹਾ ਇਕੱਠ ਨਾ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਧਾਰਮਿਕ ਆਗੂਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕਿ ਆਪਣੇ ਫਾਲੋਅਰਜ਼ ਨੂੰ ਸਲਾਹ ਦੇਣ ਕਿ ਸਰਕਾਰ ਵੱਲੋਂ ਸਮੇਂ-ਸਮੇਂ ਤੇ ਜਾਰੀ ਦਿਸ਼ਾ ਨਿਰਦੇਸ਼ਾਂ ਦਾ ਸਹੀ ਢੰਗ ਨਾਲ ਪਾਲਣਾ ਕੀਤਾ ਜਾਵੇ।

11. ਸਰਕਾਰ ਵੱਲੋਂ ਸਾਰੇ ਧਾਰਮਿਕ ਆਗੂਆਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਉਹ ਆਪਣੇ ਫਾਲੋਅਰਜ਼ ਨੂੰ ਪੰਜਾਬ ਸਰਕਾਰ ਵੱਲੋਂ ਬਣਾਈ ਗਈ ਕੋਵਾ ਐਪ ਡਾਉਨਲੋਡ ਕਰਨ ਲਈ ਕਹਿਣ ਤਾਂ ਜੋ ਉਹ ਕੋਵਿਡ-19 ਸੰਬੰਧੀ ਸਹੀ ਤੇ ਸਮੇਂ ਸਿਰ ਪੁਖਤਾ ਜਾਣਕਾਰੀ ਹਾਸਿਲ ਕਰ ਸਕਣ ਅਤੇ ਝੂਠੀਆਂ ਅਫ਼ਵਾਹਾਂ ਤੋਂ ਬਚ ਸਕਣ।

ਆਮ ਦਿਸ਼ਾ-ਨਿਰਦੇਸ਼
1. ਘਰ ਵਿੱਚ ਹੀ ਰਹੋ ਅਤੇ ਸਮਾਜਿਕ ਦੂਰੀ ਦੇ ਨਿਯਮਾਂ ਦੀ ਸਖ਼ਤੀ ਨਾਲ ਪਾਲਣਾ ਕਰਦੇ ਹੋਏ ਇੱਕ ਦੂਜੇ ਕੋਲੋਂ ਹਰ ਦਿਨ ਹਰ ਸਮੇਂ ਘੱਟੋ-ਘੱਟ ਨੂੰ 1 ਮੀਟਰ ਦੀ ਦੂਰੀ ਬਣਾ ਕੇ ਰੱਖੋ, ਜਿਸ ਵਿੱਚ ਰਿਸ਼ਤੇਦਾਰ, ਦੋਸਤ, ਗਵਾਂਢੀ ਆਦਿ ਸ਼ਾਮਿਲ ਹਨ।

2. ਇੱਕ ਦੂਜੇ ਨੂੰ ਮੁਬਾਰਕਬਾਦ ਦੇਣ ਲਈ ਕਿਸੇ ਵੀ ਹਾਲ ਵਿੱਚ ਗਲੇ ਨਾ ਮਿਲੋ ਅਤੇ ਨਾ ਹੀ ਹੱਥ ਮਿਲਾਓ।

3. ਇੱਕ ਦੂਜੇ ਨੂੰ ਮੁਬਾਰਕਬਾਦ ਦੇਣ ਦੇ ਲਈ ਹੋਰ ਢੰਗਾਂ ਜਿਵੇਂ ਕਿ ਦਿਲ ਤੇ ਹੱਥ ਰੱਖਣਾ, ਦਆ ਸਲਾਮ ਕਰਨਾ ਆਦਿ ਦੀ ਵਰਤੋਂ ਕੀਤੀ ਜਾਵੇ।

4. ਇੱਕ ਦੂਜੇ ਨੂੰ ਮੁਬਾਰਕਬਾਦ ਦੇਣ ਲਈ ਮੋਬਾਇਲ ਅਤੇ ਹੋਰ ਇਲੈਕਟ੍ਰਾਨਿਕ ਸਾਧਨਾ ਦੀ ਵਰਤੋਂ ਕੀਤੀ ਜਾਵੇ।

5. ਘਰੋਂ ਬਾਹਰ ਨਿੱਕਲਣ ਤੋਂ ਪਹਿਲਾਂ ਹੀ ਕੱਪੜੇ ਦਾ ਮਾਸਕ ਪਹਿਨ ਲਿਆ ਜਾਵੇ ਅਤੇ ਘਰ ਵਾਪਸੀ ਤੱਕ ਇਸਨੂੰ ਪਹਿਨ ਕੇ ਰੱਖਿਆ ਜਾਵੇ।

6. ਕੱਪੜੇ ਦੇ ਮਾਸਕ ਨੂੰ ਰੋਜ਼ਾਨਾ ਸਾਬਣ ਤੇ ਪਾਣੀ ਨਾਲ ਧੋ ਕੇ ਹੀ ਵਰਤਿਆ ਜਾਵੇ।

7. ਜਦੋਂ ਵੀ ਮੌਕਾ ਮਿਲੇ ਤਾਂ ਹੱਥਾਂ ਨੂੰ ਸਾਬਣ ਤੇ ਪਾਣੀ ਨਾਲ ਘੱਟੋ ਘੱਟ 40 ਸੈਕਿੰਡ ਤੱਕ ਧੋਵੋ, ਹੱਥਾਂ ਦੀਆਂ ਤਲੀਆਂ, ਹੱਥਾਂ ਦੀ ਪਿਛਲਾ ਪਾਸਾ, ਉਂਗਲਾਂ ਤੇ ਅੰਗੂਠੇ ਦੇ ਵਿਚਕਾਰ ਦੀ ਜਗ੍ਹਾ ਤੇ ਗੁੱਟਾਂ ਨੂੰ ਚੰਗੀ ਤਰ੍ਹਾਂ ਰਗੜੋ। ਹਰੇਕ 2 ਘੰਟੇ ਬਾਅਦ ਹੱਥ ਧੋਣ ਦੀ ਸਲਾਹ ਦਿੱਤੀ ਜਾਂਦੀ ਹੈ।

8. ਘਰ ਤੋਂ ਬਾਹਰ ਸਤਿਹਾਂ ਜਾਂ ਵਸਤੂਆਂ ਨੂੰ ਬੇਵਜ੍ਹਾ ਨਾ ਛੂਹੋ। ਬਿਨਾਂ ਕੰਮ ਤੋਂ ਇੱਧਰ ਉੱਧਰ ਨਾ ਘੁੰਮੋ ਅਤੇ ਕੰਮ ਖ਼ਤਮ ਹੋਣ ਦੇ ਤੁਰੰਤ ਬਾਅਦ ਘਰ ਵਾਪਿਸ ਆ ਜਾਓ।

9. ਖੁੱਲ੍ਹੇ ਵਿੱਚ ਨਾ ਥੁੱਕੋ। ਜੇਕਰ ਕਿਸੇ ਨੂੰ ਖੰਘ/ਛਿੱਕਾਂ ਆ ਰਹੀਆਂ ਹਨ ਤਾਂ ਰੁਮਾਲ ਨਾਲ ਮੂੰਹ ਤੇ ਨੱਕ ਨੂੰ ਢੱਕਿਆ ਜਾਵੇ। ਜਿਸ ਨੂੰ ਬਾਅਦ ਵਿੱਚ ਆਪਣੀ ਜੇਬ/ਪਰਸ ਵਿੱਚ ਰੱਖਿਆ ਜਾਵੇ ਅਤੇ ਇਸ ਰੁਮਾਲ ਨੂੰ ਕਿਸੇ ਹੋਰ ਵਸਤੂ ਦੇ ਸੰਪਰਕ ਵਿੱਚ ਨਾ ਆਉਣ ਦਿੱਤਾ ਜਾਵੇ।

10. ਜੇਕਰ ਕਿਸੇ ਵਿਅਕਤੀ ਕੋਲ ਰੁਮਾਲ ਨਹੀਂ ਹੈ ਤਾਂ ਆਪਣੇ ਮੂੰਹ ਤੇ ਨੱਕ ਨੂੰ ਆਪਣੀ ਕੂਹਣੀ ਨਾਲ ਢੱਕੋ।

11. ਉਪਰੋਕਤ ਦੋਵਾਂ ਮਾਮਲਿਆਂ ਵਿੱਚ ਆਪਣੇ ਹੱਥ ਜਾਂ ਪ੍ਰਭਾਵਿਤ ਥਾਂ ਨੂੰ ਨਿਯਮਤ ਢੰਗ ਅਪਣਾਉਂਦੇ ਹੋਏ ਸਾਬਣ ਤੇ ਪਾਣੀ ਨਾਲ ਚੰਗੀ ਤਰ੍ਹਾਂ ਧੋਵੋ।

12. ਆਪਣੇ ਚਿਹਰੇ, ਮੂੰਹ, ਨੱਕ, ਅੱਖਾਂ ਨੂੰ ਨਾ ਛੂਹੋ।

13. ਘਰ ਤੋਂ ਬਾਹਰ ਜਾਣ ਸਮੇਂ ਆਪਣੀ ਜੇਬ ਵਿੱਚ ਇੱਕ ਅਲਕੋਹਲ ਯੁਕਤ ਹੈਂਡ ਸੈਨੀਟਾਈਜ਼ਰ (ਘੱਟੋ-ਘੱਟ 70 ਪ੍ਰਤੀਛਤ ਇਥਾਇਲ ਅਲਕੋਹਲ ਵਾਲਾ) ਜ਼ਰੂਰ ਰੱਖੋ। ਘੱਟੋ ਘੱਟ 3 ਐਮ.ਐਲ. ਸੈਨੀਟਾਈਜ਼ਰ (ਲਗਭਗ 2 ਵਾਰ ਦਬਾ ਕੇ ਕੱਢੋ) ਸੁੱਕੇ ਹੱਥਾਂ ਤੇ ਲਗਾਓ ਅਤੇ ਘੱਟੋ-ਘੱਟ 30 ਸੇਕਿੰਡ ਤੱਕ ਮਲੋ।

14. ਜੇਕਰ ਹੱਥ ਸਾਫ਼ ਦਿਖਾਈ ਦੇ ਰਹੇ ਹੋਣ ਤਾਂ ਵੀ ਸੈਨੀਟਾਈਜ਼ ਕਰੋ।

ਆਓ ਰਮਜ਼ਾਨ ਦੇ ਸਿ ਪਵਿੱਤਰ ਮਹੀਨੇ ਦੌਰਾਨ ਅਸੀਂ ਸਾਰੇ ਮਿਲ ਕੇ ਅੱਲ੍ਹਾ/ਖ਼ੁਦਾ ਅੱਗੇ ਇਨਸਾਨੀਅਤ ਦੀ ਸੁਰੱਖਿਆ ਅਤੇ ਸਭ ਦੇ ਭਲੇ ਲਈ ਦੁਆ ਕਰੀਏ।