Hukaamnama Gurdwa Baba Sidhana Ji, 9 September 2021

 

ੴ ਸਤਿ ਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ
ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥

ਰਾਗੁ ਸੂਹੀ ਮਹਲਾ ੧ ਚਉਪਦੇ ਘਰੁ ੧

ਭਾਂਡਾ ਧੋਇ ਬੈਸਿ ਧੂਪੁ ਦੇਵਹੁ ਤਉ ਦੂਧੈ ਕਉ ਜਾਵਹੁ ॥ ਦੂਧੁ ਕਰਮ ਫੁਨਿ ਸੁਰਤਿ ਸਮਾਇਣੁ ਹੋਇ ਨਿਰਾਸ ਜਮਾਵਹੁ ॥੧॥ ਜਪਹੁ ਤ ਏਕੋ ਨਾਮਾ ॥ ਅਵਰਿ ਨਿਰਾਫਲ ਕਾਮਾ ॥੧॥ ਰਹਾਉ ॥ ਇਹੁ ਮਨੁ ਈਟੀ ਹਾਥਿ ਕਰਹੁ ਫੁਨਿ ਨੇਤ੍ਰਉ ਨੀਦ ਨ ਆਵੈ ॥ ਰਸਨਾ ਨਾਮੁ ਜਪਹੁ ਤਬ ਮਥੀਐ ਇਨ ਬਿਧਿ ਅੰਮ੍ਰਿਤੁ ਪਾਵਹੁ ॥੨॥ ਮਨੁ ਸੰਪਟੁ ਜਿਤੁ ਸਤ ਸਰਿ ਨਾਵਣੁ ਭਾਵਨ ਪਾਤੀ ਤ੍ਰਿਪਤਿ ਕਰੇ ॥ ਪੂਜਾ ਪ੍ਰਾਣ ਸੇਵਕੁ ਜੇ ਸੇਵੇ ਇਨ੍ਹ੍ਹ ਬਿਧਿ ਸਾਹਿਬੁ ਰਵਤੁ ਰਹੈ ॥੩॥ ਕਹਦੇ ਕਹਹਿ ਕਹੇ ਕਹਿ ਜਾਵਹਿ ਤੁਮ ਸਰਿ ਅਵਰੁ ਨ ਕੋਈ ॥ ਭਗਤਿ ਹੀਣੁ ਨਾਨਕੁ ਜਨੁ ਜੰਪੈ ਹਉ ਸਾਲਾਹੀ ਸਚਾ ਸੋਈ ॥੪॥੧॥

ਅਰਥ: (ਹੇ ਭਾਈ! ਜੇ ਪ੍ਰਭੂ ਨੂੰ ਪ੍ਰਸੰਨ ਕਰਨਾ ਹੈ) ਤਾਂ ਸਿਰਫ਼ ਪ੍ਰਭੂ-ਨਾਮ ਹੀ ਜਪੋ (ਸਿਮਰਨ ਛੱਡ ਕੇ ਪ੍ਰਭੂ ਨੂੰ ਪ੍ਰਸੰਨ ਕਰਨ ਦੇ) ਹੋਰ ਸਾਰੇ ਉੱਦਮ ਵਿਅਰਥ ਹਨ।੧।ਰਹਾਉ।

(ਮੱਖਣ ਹਾਸਲ ਕਰਨ ਲਈ, ਹੇ ਭਾਈ!) ਤੁਸੀ (ਪਹਿਲਾਂ) ਭਾਂਡਾ ਧੋ ਕੇ ਬੈਠ ਕੇ (ਉਸ ਭਾਂਡੇ ਨੂੰ) ਧੂਪ ਦੇ ਕੇ ਤਦੋਂ ਦੁੱਧ ਲੈਣ ਜਾਂਦੇ ਹੋ (ਫਿਰ ਜਾਗ ਲਾ ਕੇ ਉਸ ਨੂੰ ਜਮਾਂਦੇ ਹੋ। ਇਸੇ ਤਰ੍ਹਾਂ ਜੇ ਨਾਮ-ਅੰਮ੍ਰਿਤ ਪ੍ਰਾਪਤ ਕਰਨਾ ਹੈ, ਤਾਂ) ਹਿਰਦੇ ਨੂੰ ਪਵਿਤ੍ਰ ਕਰ ਕੇ ਮਨ ਨੂੰ ਰੋਕੋ-ਇਹ ਇਸ ਹਿਰਦਾ-ਭਾਂਡੇ ਨੂੰ ਧੂਪ ਦਿਉ। ਤਦੋਂ ਦੁੱਧ ਲੈਣ ਜਾਵੋ। ਰੋਜ਼ਾਨਾ ਕਿਰਤ-ਕਾਰ ਦੁੱਧ ਹੈ, ਪ੍ਰਭੂ-ਚਰਨਾਂ ਵਿਚ (ਹਰ ਵੇਲੇ) ਸੁਰਤਿ ਜੋੜੀ ਰੱਖਣੀ (ਰੋਜ਼ਾਨਾ ਕਿਰਤ-ਕਾਰ ਵਿੱਚ) ਜਾਗ ਲਾਣੀ ਹੈ, (ਜੁੜੀ ਸੁਰਤਿ ਦੀ ਬਰਕਤਿ ਨਾਲ) ਦੁਨੀਆਂ ਦੀਆਂ ਆਸਾਂ ਤੋਂ ਉਤਾਂਹ ਉੱਠੋ, ਇਸ ਤਰ੍ਹਾਂ ਇਹ ਦੁੱਧ ਜਮਾਵੋ (ਭਾਵ, ਜੁੜੀ ਸੁਰਤਿ ਦੀ ਸਹਾਇਤਾ ਨਾਲ ਰੋਜ਼ਾਨਾ ਕਿਰਤ-ਕਾਰ ਕਰਦਿਆਂ ਭੀ ਮਾਇਆ ਵਲੋਂ ਉਪਰਾਮਤਾ ਜੇਹੀ ਹੀ ਰਹੇਗੀ੧।

(ਦੁੱਧ ਰਿੜਕਣ ਵੇਲੇ ਤੁਸੀ ਨੇਤ੍ਰੇ ਦੀਆਂ ਈਟੀਆਂ ਹੱਥ ਵਿਚ ਫੜਦੇ ਹੋ) ਆਪਣੇ ਇਸ ਮਨ ਨੂੰ ਵੱਸ ਵਿਚ ਕਰੋ (ਆਤਮਕ ਜੀਵਨ ਦੇ ਵਾਸਤੇ ਇਸ ਤਰ੍ਹਾਂ ਇਹ ਮਨ-ਰੂਪਈਟੀਆਂ ਹੱਥ ਵਿਚ ਫੜੋ। ਮਾਇਆ ਦੇ ਮੋਹ ਦੀ ਨੀਂਦ (ਮਨ ਉੱਤੇ) ਪ੍ਰਭਾਵ ਨ ਪਾਏ-ਇਹ ਹੈ ਨੇਤ੍ਰਾ। ਜੀਭ ਨਾਲ ਪਰਮਾਤਮਾ ਦਾ ਨਾਮ ਜਪੋ (ਜਿਉਂ ਜਿਉਂ ਨਾਮ ਜਪੋਗੇ,) ਤਿਉਂ ਤਿਉਂ (ਇਹ ਰੋਜ਼ਾਨਾ ਕਿਰਤ-ਕਾਰ-ਰੂਪ ਦੁੱਧ) ਰਿੜਕੀਂਦਾ ਰਹੇਗਾ, ਇਹਨਾਂ ਤਰੀਕਿਆਂ ਨਾਲ (ਰੋਜ਼ਾਨਾ ਕਿਰਤ-ਕਾਰ ਕਰਦੇ ਹੋਏ ਹੀ) ਨਾਮ-ਅੰਮ੍ਰਿਤ ਪ੍ਰਾਪਤ ਕਰ ਲਵੋਗੇ।੨।

(ਪੁਜਾਰੀ ਮੂਰਤੀ ਨੂੰ ਡੱਬੇ ਵਿਚ ਪਾਂਦਾ ਹੈਜੇ ਜੀਵ) ਆਪਣੇ ਮਨ ਨੂੰ ਡੱਬਾ ਬਣਾਏ (ਉਸ ਵਿਚ ਪਰਮਾਤਮਾ ਦਾ ਨਾਮ ਟਿਕਾ ਕੇ ਰੱਖੇ) ਉਸ ਨਾਮ ਦੀ ਰਾਹੀਂ ਸਾਧ ਸੰਗਤਿ ਸਰੋਵਰ ਵਿਚ ਇਸ਼ਨਾਨ ਕਰੇ, (ਮਨ ਵਿਚ ਟਿਕੇ ਹੋਏ ਪ੍ਰਭੂ-ਠਾਕੁਰ ਨੂੰ) ਸਰਧਾ ਦੇ ਪੱਤਰਾਂ ਨਾਲ ਪ੍ਰਸੰਨ ਕਰੇ, ਜੇ ਜੀਵ ਸੇਵਕ ਬਣ ਕੇ ਆਪਾ-ਭਾਵ ਛੱਡ ਕੇ (ਅੰਦਰ-ਵੱਸਦੇ ਠਾਕੁਰ-ਪ੍ਰਭੂ ਦੀ) ਸੇਵਾ (ਸਿਮਰਨਕਰੇ, ਤਾਂ ਇਹਨਾਂ ਤਰੀਕਿਆਂ ਨਾਲ ਉਹ ਜੀਵ ਮਾਲਕ-ਪ੍ਰਭੂ ਨੂੰ ਸਦਾ ਮਿਲਿਆ ਰਹਿੰਦਾ ਹੈ।੩।

(ਸਿਮਰਨ ਤੋਂ ਬਿਨਾ ਪ੍ਰਭੂ ਨੂੰ ਪ੍ਰਸੰਨ ਕਰਨ ਦੇ ਹੋਰ ਹੋਰ ਉੱਦਮ) ਦੱਸਣ ਵਾਲੇ ਬੰਦੇ ਜੋ ਜੋ ਭੀ ਹੋਰ ਹੋਰ ਉੱਦਮ ਦੱਸਦੇ ਹਨਉਹ ਦੱਸ ਦੱਸ ਕੇ ਆਪਣਾ ਜੀਵਨ-ਸਮਾ ਵਿਅਰਥ ਗਵਾ ਜਾਂਦੇ ਹਨ (ਕਿਉਂਕਿ) ਹੇ ਪ੍ਰਭੂ! ਤੇਰੇ ਸਿਮਰਨ ਵਰਗਾ ਹੋਰ ਕੋਈ ਉੱਦਮ ਨਹੀਂ ਹੈ। (ਭਾਵੇਂ) ਨਾਨਕ (ਤੇਰਾਦਾਸ ਭਗਤੀ ਤੋਂ ਸੱਖਣਾ (ਹੀ ਹੈ ਫਿਰ ਭੀ ਇਹ ਇਹੀ) ਬੇਨਤੀ ਕਰਦਾ ਹੈ ਕਿ ਮੈਂ ਸਦਾ ਕਾਇਮ ਰਹਿਣ ਵਾਲੇ ਪ੍ਰਭੂ ਦੀ ਸਦਾ ਸਿਫ਼ਤਿ-ਸਾਲਾਹ ਕਰਦਾ ਰਹਾਂ।੪।੧।

{ਪੰਨਾ 728}