ਹੁਕਮਨਾਮਾ ਗੁਰਦੁਆਰਾ ਬਾਬਾ ਸਿਧਾਣਾ ਜੀ 4 ਸਤੰਬਰ 2020

ਰਾਗੁ ਧਨਾਸਰੀ ਬਾਣੀ ਭਗਤ ਕਬੀਰ ਜੀ ਕੀ    ੴ ਸਤਿਗੁਰ ਪ੍ਰਸਾਦਿ ॥

ਸਨਕ ਸਨੰਦ ਮਹੇਸ ਸਮਾਨਾਂ ॥ ਸੇਖਨਾਗਿ ਤੇਰੋ ਮਰਮੁ ਨ ਜਾਨਾਂ ॥੧॥ ਸੰਤਸੰਗਤਿ ਰਾਮੁ ਰਿਦੈ ਬਸਾਈ ॥੧॥ ਰਹਾਉ ॥ ਹਨੂਮਾਨ ਸਰਿ ਗਰੁੜ ਸਮਾਨਾਂ ॥ ਸੁਰਪਤਿ ਨਰਪਤਿ ਨਹੀ ਗੁਨ ਜਾਨਾਂ ॥੨॥ ਚਾਰਿ ਬੇਦ ਅਰੁ ਸਿੰਮ੍ਰਿਤਿ ਪੁਰਾਨਾਂ ॥ ਕਮਲਾਪਤਿ ਕਵਲਾ ਨਹੀ ਜਾਨਾਂ ॥੩॥ ਕਹਿ ਕਬੀਰ ਸੋ ਭਰਮੈ ਨਾਹੀ ॥ ਪਗ ਲਗਿ ਰਾਮ ਰਹੈ ਸਰਨਾਂਹੀ ॥੪॥੧॥ {ਪੰਨਾ 691}

ਅਰਥ: ਮੈਂ ਸੰਤਾਂ ਦੀ ਸੰਗਤਿ ਵਿਚ ਰਹਿ ਕੇ ਪਰਮਾਤਮਾ ਨੂੰ ਆਪਣੇ ਹਿਰਦੇ ਵਿਚ ਵਸਾਉਂਦਾ ਹਾਂ।੧।ਰਹਾਉ।

ਹੇ ਪ੍ਰਭੂ! ਬ੍ਰਹਮਾ ਦੇ ਪੁੱਤਰਾਂ) ਸਨਕ, ਸਨੰਦ ਅਤੇ ਸ਼ਿਵ ਜੀ ਵਰਗਿਆਂ ਨੇ ਤੇਰਾ ਭੇਦ ਨਹੀਂ ਪਾਇਆ; (ਵਿਸ਼ਨੂ ਦੇ ਭਗਤ) ਸ਼ੇਸ਼ਨਾਗ ਨੇ ਤੇਰੇ (ਦਿਲ ਦਾ) ਰਾਜ਼ ਨਹੀਂ ਸਮਝਿਆ।੧।

(ਸ੍ਰੀ ਰਾਮ ਚੰਦਰ ਜੀ ਦੇ ਸੇਵਕ) ਹਨੂਮਾਨ ਵਰਗੇ ਨੇ, (ਵਿਸ਼ਨੂ ਦੇ ਸੇਵਕ ਤੇ ਪੰਛੀਆਂ ਦੇ ਰਾਜੇ) ਗਰੁੜ ਵਰਗਿਆਂ ਨੇ, ਦੇਵਤਿਆਂ ਦੇ ਰਾਜੇ ਇੰਦਰ ਨੇ, ਵੱਡੇ ਵੱਡੇ ਰਾਜਿਆਂ ਨੇ ਭੀ ਤੇਰੇ ਗੁਣਾਂ ਦਾ ਅੰਤ ਨਹੀਂ ਪਾਇਆ।੨।

ਚਾਰ ਵੇਦ, (ਅਠਾਰਾਂਸਿਮ੍ਰਿਤੀਆਂ, (ਅਠਾਰਾਂ) ਪੁਰਾਣ-(ਇਹਨਾਂ ਦੇ ਕਰਤਾ ਬ੍ਰਹਮਾ, ਮਨੂ ਤੇ ਹੋਰ ਰਿਸ਼ੀਆਂ) ਨੇ ਤੈਨੂੰ ਨਹੀਂ ਸਮਝਿਆਵਿਸ਼ਨੂ ਤੇ ਲੱਛਮੀ ਨੇ ਭੀ ਤੇਰਾ ਅੰਤ ਨਹੀਂ ਪਾਇਆ।੩।

ਕਬੀਰ ਆਖਦਾ ਹੈ-(ਬਾਕੀ ਸਾਰੀ ਸ੍ਰਿਸ਼ਟੀ ਦੇ ਲੋਕ ਪ੍ਰਭੂ ਨੂੰ ਛੱਡ ਕੇ ਹੋਰ ਹੋਰ ਪਾਸੇ ਭਟਕਦੇ ਰਹੇ) ਇੱਕ ਉਹ ਮਨੁੱਖ ਭਟਕਦਾ ਨਹੀਂ, ਜੋ (ਸੰਤਾਂ ਦੀ) ਚਰਨੀਂ ਲੱਗ ਕੇ ਪਰਮਾਤਮਾ ਦੀ ਸ਼ਰਨ ਵਿਚ ਟਿਕਿਆ ਰਹਿੰਦਾ ਹੈ।੪।੧।

ਸ਼ਬਦ ਦਾ ਭਾਵ: ਅੱਨ ਪੂਜਾ ਛੱਡ ਕੇ ਇਕ ਪਰਮਾਤਮਾ ਦਾ ਹੀ ਭਜਨ ਕਰੋ। ਬ੍ਰਹਮਾਸ਼ਿਵ, ਵਿਸ਼ਨੂ, ਇੰਦਰ ਆਦਿਕ ਅਤੇ ਉਹਨਾਂ ਦੇ ਸੇਵਕ ਪਰਮਾਤਮਾ ਦਾ ਅੰਤ ਨਾਹ ਪਾ ਸਕੇ।੧।