ਕੋਵਿਡ ਮਰੀਜ਼ਾਂ ਨੂੰ ਘਰ ‘ਚ ਇਕਾਂਤਵਾਸ ਹੋਣਾ ਹੋਇਆ ਸੁਖਾਲਾ

ਕੋਰੋਨਾ ਟੈਸਟ ਦੇ ਸੈਂਪਲ ਦੇਣ ਮੌਕੇ ਹੀ ਦਿੱਤਾ ਜਾ ਸਕੇਗਾ ਸਵੈ ਘੋਸ਼ਣਾ ਪੱਤਰ : ਡਾ. ਜੋਤੀ ਫੁਕੇਲਾ

ਸਿਹਤ ਤੇ ਪਰਿਵਾਰ ਭਲਾਈ ਮੰਤਰੀ ਸ. ਬਲਬੀਰ ਸਿੰਘ ਸਿੱਧੂ ਦੇ ਦਿਸ਼ਾ ਨਿਰਦੇਸ਼ ਅਨੁਸਾਰ ਹੁਣ ਕੋਰੋਨਾ ਵਾਇਰਸ ਸੰਬੰਧੀ ਜਾਂਚ ਲਈ ਸੈਂਪਲ ਦੇਣ ਮੌਕੇ ਹੀ ਵਿਅਕਤੀ ਆਪਣਾ ਸਵੈ ਘੋਸ਼ਣਾ ਪੱਤਰ ਦੇ ਕੇ ਪੌਜ਼ੇਟਿਵ ਆਉਣ ਉਤੇ ਘਰ ਵਿਚ ਇਕਾਂਤਵਾਸ ਹੋਣ ਦੀ ਅਪੀਲ ਸਕਦੇ ਹਨ। ਇਸ ਤੋਂ ਪਹਿਲਾਂ ਸਵੈ ਘੋਸ਼ਣਾ ਪੱਤਰ ਉਪਰ ਪ੍ਰਸ਼ਾਸਨਿਕ ਅਧਿਕਾਰੀਆਂ ਪਾਸੋਂ ਮਨਜ਼ੂਰੀ ਲੈਣੀ ਲਾਜ਼ਮੀ ਕੀਤੀ ਹੋਈ ਸੀ।

ਕਮਊਨਿਟੀ ਹੈਲਥ ਸੈਟਰ ਬੜਾ ਪਿੰਡ ਦੇ ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੁਕੇਲਾ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਡਾਇਰੈਕਟਰ ਵਲੋਂ ਡਿਪਟੀ ਕਮਿਸ਼ਨਰਾਂ ਤੇ ਸਿਵਲ ਸਰਜਨਾਂ ਨੂੰ ਜਾਰੀ ਨਵੀਆਂ ਹਦਾਇਤਾਂ ਅਨੁਸਾਰ ਕੋਵਿਡ-19 ਦੇ ਲੱਛਣਾਂ ਤੋਂ ਰਹਿਤ ਅਤੇ ਹਲਕੇ ਲੱਛਣਾਂ ਵਾਲੇ ਮਰੀਜ਼ ਹੁਣ ਆਪਣਾ ਸੈਂਪਲ ਕਰਵਾਉਣ ਮੌਕੇ ਕੁਝ ਸ਼ਰਤਾਂ ਆਧਾਰਿਤ ਸਵੈ ਘੋਸ਼ਣਾ ਪੱਤਰ ਭਰਕੇ ਦੇ ਸਕਦੇ ਹਨ, ਜਿਸ ਨਾਲ ਉਨ੍ਹਾਂ ਨੂੰ ਅਨੈਕਸਚਰ-ਏ ਅਨੁਸਾਰ ਆਸਾਨੀ ਨਾਲ ਘਰ ਵਿਚ ਇਕਾਂਤਵਾਸ ਹੋਣ ਦਾ ਮੌਕਾ ਮਿਲ ਜਾਵੇਗਾ। ਸਵੈ ਘੋਸ਼ਣਾ ਪੱਤਰ ਦੇਣ ਵਾਲਿਆਂ ਦੇ ਸੈਂਪਲ ਲੈਣ ਮੌਕੇ ਤਾਇਨਾਤ ਡਾਕਟਰ ਵਲੋਂ ਉਨ੍ਹਾਂ ਦੀ ਕਲੀਨਿਕਲ ਜਾਂਚ ਕੀਤੀ ਜਾਵੇਗੀ ਅਤੇ ਪੌਜ਼ੇਟਿਵ ਆਉਣ ਉਤੇ ਅਨੈਕਸਚਰ-ਬੀ ਅਨੁਸਾਰ ਇਹ ਮਰੀਜ਼ ਬਿਨ੍ਹਾ ਹਸਪਤਾਲ ਲਿਆਂਦੇ ਘਰ ਵਿਚ ਇਕਾਂਤਵਾਸ ਹੋ ਸਕਣਗੇ।।

ਉਨ੍ਹਾਂ ਮਰੀਜਾਂ ਨੂੰ ਸਰਕਾਰ ਵਲੋਂ ਜਾਰੀ ਨਿਰਦੇਸ਼ਾਂ ਦੀ ਪਾਲਣਾ ਵੀ ਕਰਨੀ ਪਵੇਗੀ। ਮਰੀਜਾਂ ਕੋਲ ਰੋਜ਼ਾਨਾ ਸਿਹਤ ਜਾਂਚ ਲਈ ਇਕ ਵੱਖਰੀ ਕਿਟ ਹੋਣੀ ਜਰੂਰੀ ਹੈ, ਜਿਸ ਵਿਚ ਇਕ ਥਰਮਾਮੀਟਰ, ਇਕ ਪਲਸ ਔਕਸੀਮੀਟਰ, ਵਿਟਾਮਿਨ ਸੀ ਅਤੇ ਜ਼ਿੰਕ ਦੀਆਂ ਗੋਲੀਆਂ ਹੋਣਾ ਜਰੂਰੀ ਹੈ। ਜੇਕਰ ਮਰੀਜ਼ ਨੂੰ ਫਿਰ ਵੀ ਕੋਵਿਡ-19 ਬਿਮਾਰੀ ਦੇ ਕੋਈ ਲੱਛਣ ਸਾਹਮਣੇ ਆਉਂਦੇ ਹਨ ਤਾਂ ਉਸਨੂੰ ਸਬੰਧਤ ਸਰਕਾਰੀ ਡਾਕਟਰ ਜਾਂ ਸਿਹਤ ਕਰਮਚਾਰੀ ਨਾਲ ਤੁਰੰਤ ਸੰਪਰਕ ਕਰਨਾ ਹੋਵੇਗਾ। ਪੱਤਰ ਅਨੁਸਾਰ ਘਰ ਵਿਚ ਇਕਾਂਤਵਾਸ ਮਰੀਜ਼ਾਂ ਦੀ ਸਿਹਤ ਦਾ ਲਗਾਤਾਰ ਫਾਲੋਅਪ ਜਿਲ੍ਹਾ ਪ੍ਰਸ਼ਾਸਨ ਜਾਂ ਸਿਹਤ ਕਰਮਚਾਰੀਆਂ ਦੀ ਟੀਮ ਵਲੋਂ ਕੀਤਾ ਜਾ ਰਿਹਾ ਹੈ। ਜੇਕਰ ਫਾਲੋਅਪ ਦੌਰਾਨ ਮਰੀਜ਼ ਵਲੋਂ ਸਵੈ ਘੋਸ਼ਣਾ ਪੱਤਰ ਦੀ ਉਲੰਘਣਾ ਜਾਂ ਸਿਹਤ ਵਿਚ ਗੜਬੜ ਸਾਹਮਣੇ ਆਉਂਦੀ ਹੈ ਤਾਂ ਮਰੀਜ਼ ਨੂੰ ਇਲਾਜ ਲਈ ਕੋਵਿਡ ਸਿਹਤ ਕੇਂਦਰ ਵਿਚ ਦਾਖਲ ਕੀਤਾ ਜਾ ਸਕਦਾ ਹੈ। ਸਰਕਾਰ ਦੇ ਇਹ ਨਿਯਮ ਪ੍ਰਾਈਵੇਟ ਹਸਪਤਾਲਾਂ ਉਪਰ ਵੀ ਲਾਗੂ ਹੋਣਗੇ।

ਸੀਨੀਅਰ ਮੈਡੀਕਲ ਅਫਸਰ ਡਾ. ਜੋਤੀ ਫੁਕੇਲਾ ਨੇ ਦੱਸਿਆ ਕਿ ਇਸੇ ਤਰ੍ਹਾਂ 60 ਸਾਲ ਦੀ ਉਮਰ ਦੇ ਉਹ ਮਰੀਜ਼ ਜੋ ਕੋਵਿਡ-19 ਪੌਜ਼ੇਟਿਵ ਤਾਂ ਪਾਏ ਜਾਂਦੇ ਹਨ, ਲੇਕਿਨ ਜਿੰਨ੍ਹਾਂ ਵਿਚ ਬਿਮਾਰੀ ਦੇ ਲੱਛਣ ਨਹੀਂ ਮਿਲਦੇ ਜਾਂ ਹਲਕੇ ਲੱਛਣ ਹਨ, ਵੀ ਘਰ ਵਿਚ ਇਕਾਂਤਵਾਸ ਕੀਤੇ ਜਾ ਸਕਦੇ ਹਨ। ਅਜਿਹੇ ਮਰੀਜ਼ ਪ੍ਰਾਈਵੇਟ ਮਾਹਰ ਡਾਕਟਰ ਤੋਂ ਵੀ ਆਪਣੇ ਫਿਟਨੈਸ ਦਾ ਸਰਟੀਫਿਕੇਟ ਦੇ ਸਕਦੇ ਹਨ।
ਕੋਵਿਡ ਪੌਜ਼ੇਟਿਵ ਗਰਭਵਤੀ ਔਰਤਾਂ ਜਿਹੜੀਆਂ ਹਾਈ ਰਿਸਕ ਨਾ ਹੋਣ ਅਤੇ ਨਾ ਹੀ ਤਿੰਨ ਹਫਤੇ ਤੱਕ ਅਜੇ ਡਿਲਵਰੀ ਹੋਣੀ ਹੈ, ਵੀ ਔਰਤ ਰੋਗਾਂ ਦੇ ਮਾਹਰ ਡਾਕਟਰ ਦੀ ਰਾਇ ਨਾਲ ਘਰ ਵਿਚ ਇਕਾਂਤਵਾਸ ਕੀਤੀਆਂ ਜਾ ਸਕਦੀਆਂ ਹਨ। ਇਕਾਂਤਵਾਸ ਕੀਤੇ ਹਰੇਕ ਕੋਵਿਡ ਪੌਜ਼ੇਟਿਵ ਮਰੀਜ਼ ਨੂੰ ਸਰਕਾਰ ਦੀ ਮੋਬਾਈਲ ਕੋਵਾ ਐਪ ਡਾਊਨਲੋਡ ਕਰਨੀ ਵੀ ਲਾਜ਼ਮੀ ਹੈ।