ਕੋਰੋਨਾ ਵਾਇਰਸ ਦੀ ਮਹਾਂਮਾਰੀ ਦੇਸ਼ ਵਿਦੇਸ਼ ਵਿੱਚ ਪੂਰੀ ਰਫ਼ਤਾਰ ਨਾਲ ਵਧ ਰਹੀ ਹੈ। ਇਸ ਬਿਮਾਰੀ ਦਾ ਅਜੇ ਤੱਕ ਕਿਧਰੇ ਇਲਾਜ਼ ਵੀ ਨਹੀਂ ਲੱਭ ਹੋਇਆ। ਸਾਡੀ ਸਾਵਧਾਨੀ ਹੀ ਇਸ ਬਿਮਾਰੀ ਤੋਂ ਹਾਲੇ ਤੱਕ ਇੱਕੋ ਇੱਕ ਬਚਾਅ ਹੈ। ਸਾਨੂੰ ਸਿਹਤ ਮਹਿਕਮਾ ਬਾਰ ਬਾਰ ਕਹਿ ਰਿਹਾ ਹੈ ਕਿ ਕੁਝ ਜ਼ਰੂਰੀ ਸਾਵਧਾਨੀਆਂ ਆਪਣੇ ਰੋਜ਼ ਮਰ੍ਹਾ ਦੇ ਜ਼ੀਵਨ ਵਿੱਚ ਧਾਰਨ ਕਰੋ। ਜਿਵੇਂ ਨੱਕ ਅਤੇ ਮੂੰਹ ਢਕ ਕੇ ਰੱਖਣਾ, ਇੱਕ ਦੂਜੇ ਤੋਂ ਦੋ ਮੀਟਰ ਜਾਂ ਛੇ ਫੁੱਟ ਦੂਰੀ ਬਣਾ ਕੇ ਰੱਖਣੀ, ਕਿਸੇ ਨਾਲ ਹੱਥ ਨਹੀਂ ਮਿਲਾਉਣਾ ਅਤੇ ਜੱਫੀ ਵੀ ਨਹੀਂ ਪਾਉਣੀ, ਬਾਰ ਬਾਰ ਸਾਬਣ ਨਾਲ ਹੱਥ ਧੋਣੇ, ਸਫ਼ਾਈ ਦੀ ਪੂਰਾ ਧਿਆਨ ਰੱਖਣਾ, ਲੋੜ ਪੈਣ ਤੇ ਹੀ ਘਰੋਂ ਬਾਹਰ ਨਿੱਕਲਣਾ ਆਦਿ।
ਪੰਜਾਹ ਦਿਨ ਹੋ ਰਹੇ ਹਨ ਸਾਨੂੰ ਘਰਾਂ ਵਿੱਚ ਬੈਠੇ ਹੋਇਆਂ ਨੂੰ, ਕੰਮ ਕਾਰ ਬੰਦ ਕਰਕੇ। ਹੁਣ ਥੋੜਾ ਸਮਾਂ ਕੰਮ ਕਾਰ ਮੁੜ ਚਾਲੂ ਕਰਨ ਲਈ ਸਰਕਾਰ ਵੱਲੋਂ ਸਾਨੂੰ ਆਗਿਆ ਦਿੱਤੀ ਗਈ ਹੈ, ਉਹ ਵੀ ਸਾਵਧਾਨੀਆਂ ਨੂੰ ਧਾਰਨ ਕਰਨ ਦੀਆਂ ਸ਼ਰਤਾਂ ਨਾਲ। ਇਹ ਪੱਕਾ ਹੈ ਕਿ ਸਾਡੀ ਕਿਸੇ ਨੇ ਮਦਦ ਨਹੀਂ ਕਰਨੀ, ਸਾਨੂੰ ਆਪਣਾ, ਆਪਣੇ ਪਰਿਵਾਰ, ਆਪਣੇ ਕਾਰੋਬਾਰ ਅਤੇ ਆਪਣੇ ਸਮਾਜ ਦਾ ਧਿਆਨ ਖੁਦ ਹੀ ਰੱਖਣਾ ਪੈਣਾ ਹੈ।
ਦੇਖਣ ਵਿੱਚ ਆ ਰਿਹਾ ਹੈ ਕਿ ਅਸੀਂ ਤਕਰੀਬਨ ਬਹੁਤ ਸਾਰੇ, ਇਨ੍ਹਾਂ ਸਾਵਧਾਨੀਆਂ ਨੂੰ ਵਰਤਣ ਤੋਂ ਕੰਨੀ ਕਤਰਾ ਰਹੇ ਹਾਂ। ਦਸਾਂ ਵਿੱਚੋਂ ਅੱਠ ਵਿਅਕਤੀ ਅਜਿਹੇ ਮਿਲ ਜਾਣਗੇ ਜੋ ਆਪਣਾ ਮੂੰਹ ਹੀ ਨਹੀਂ ਢਕ ਰਹੇ। ਇੱਕ ਦੂਜੇ ਤੋਂ ਸਹੀ ਦੂਰੀ ਬਣਾ ਕੇ ਰੱਖਣ ਵਿੱਚ ਵੀ ਅਣਗਹਿਲੀ ਹੋ ਰਹੀ ਹੈ। ਪਿੰਡ ਵਿੱਚ ਕੈਮਰੇ ਲੱਗੇ ਹੋਣ ਤਾਂ ਤੁਸੀਂ ਆਪ ਹੀ ਦੇਖ ਸਕਦੇ ਹੋ ਕਿ ਕਿਹੋ ਜਿਹਾ ਮਾਹੌਲ ਹੈ।
ਹੁਣ ਅਜਿਹਾ ਨਹੀਂ ਹੈ ਕਿ ਸਾਨੂੰ ਬਿਮਾਰੀ ਤੋਂ ਬਚਣ ਲਈ ਜ਼ਰੂਰੀ ਜਾਣਕਾਰੀ ਨਹੀਂ ਹੈ। ਪਰ ਫਿਰ ਵੀ ਅਸੀਂ ਅਵੇਸਲੇ ਹੋ ਰਹੇ ਹਾਂ। ਇਹ ਕਾਹਦੀ ਖੁਸ਼ਲਤਾ ਹੈ ਕਿ ਅਸੀਂ ਹੱਥ ਵਿੱਚ ਦੀਵਾ ਫੜ ਕੇ ਤੁਰਦੇ ਹਾਂ ਤੇ ਖੂਹ ਵਿੱਚ ਡਿਗ ਰਹੇ ਹਾਂ। ਜੇਕਰ ਇੱਕ ਵਿਅਕਤੀ ਵੀ ਕੋਰੋਨਾ ਤੋਂ ਪ੍ਰਭਾਵਿਤ ਮਿਲ ਜਾਂਦਾ ਹੈ ਤਾਂ ਸਰਕਾਰ ਸਾਰਾ ਪਿੰਡ ਹੀ ਸੀਲ ਕਰ ਦਿੰਦੀ ਹੈ, ਇੱਥੋਂ ਤੱਕ ਕਿ ਪੰਜ ਕਿਲੋਮੀਟਰ ਘੇਰੇ ਅੰਦਰ ਆਉਂਦੇ ਹੋਰ ਪਿੰਡ ਵੀ। ਸਾਨੂੰ ਖੁਦ ਨੂੰ ਹੀ ਸੋਚਣਾ, ਸਮਝਣਾ ਚਾਹੀਦਾ ਹੈ। ਇਸ ਮਹਾਂਮਾਰੀ ਤੋਂ ਬਚਣ ਲਈ ਅਰਦਾਸ ਵੀ ਕਰੀਏ ਅਤੇ ਕਰਮ ਵੀ ।