Jugrag Singh Sahota & Nariner Singh Sahota

ਵੱਡੇ ਦਿਲ ਵਾਲੇ ਨੇ ਬੜੇ ਪਿੰਡੀਏ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ

ਜਿਸ ਘਰ ਵਿਚ ਕਮਾਈ ਦੀਆਂ ਬਰਕਤਾਂ ਦਾ ਮੀਂਹ ਵਰ੍ਹਨ ਲੱਗ ਪਵੇ ਤੇ ਉਸ ਘਰ ‘ਚ ਇਨਸਾਨੀਅਤ ਦਾ ਦੀਵਾ ਵੀ ਜਗ ਰਿਹਾ ਹੋਵੇ ਤਾਂ ਹਰ ਕੋਈ ਇਹ ਸੋਚ ਕੇ ਦੂਜਿਆਂ ਵੱਲ ਹੱਥ ਵਧਾ ਰਿਹਾ ਹੁੰਦਾ ਹੈ ਕਿ ‘ਦਸਵੰਧ’ ਗੁਰੂ ਦੇ ਲੇਖੇ ਲਾ ਹੀ ਦੇਣਾ ਚਾਹੀਦਾ ਹੈ। ਇਸ ਲਈ ਕਿਰਤ ਕਰਦਿਆਂ ਕਿਤੇ ਬੇਧਿਆਨੀ ਨਾਲ ਕੋਈ ‘ਉੱਕ’ ਹੋ ਜਾਵੇ ਤਾਂ ਲੋਕ ‘ਹਊ ਪਰੇ’ ਕਹਿ ਕੇ ਇਹ ਪ੍ਰਗਟਾਵਾ ਜ਼ਰੂਰ ਕਰਦੇ ਹਨ ਕਿ ‘ਬੰਦਾ ਲੱਗਿਆ ਤਾਂ ਚਲੋ ਚੰਗੇ ਆਹਰੇ ਹੈ’। ਜਲੰਧਰ ਜ਼ਿਲ੍ਹੇ ਦੇ ਬੜ੍ਹਾ ਪਿੰਡ ਦੇ ਦੋ ਭਰਾ ਵੱਡਾ ਜੁਗਰਾਜ ਸਿੰਘ ਸਹੋਤਾ ਅਤੇ ਛੋਟਾ ਨਰਿੰਦਰ ਸਿੰਘ ਸਹੋਤਾ ਇਸ ਵੇਲੇ ਕੈਲੀਫੋਰਨੀਆ ‘ਚ ਸ਼ਾਹੀ ਘਰਾਂ ‘ਰੂਬੀ ਹਿੱਲ’ ‘ਚ ਰਹਿੰਦੇ ਹਨ ਪਰ ਸੁਭਾਅ ਤੇ ਆਦਤ ਉਨ੍ਹਾਂ ਨੂੰ ਜਾਨਣ ਵਾਲੇ ਬੀਬੇ, ਸ਼ਰੀਫ ਤੇ ਲੋੜਵੰਦਾਂ ਦੀ ਬਾਂਹ ਫੜਨ ਵਾਲੇ ਕਹਿ ਕੇ ਪੰਜਾਬ ਦੇ ਚੰਗੇ ਪੁੱਤਰ ਤੇ ਭਰਾਵਾਂ ਦਾ ਮਾਣ ਵੀ ਮੱਲੋ ਮੱਲੀ ਝੋਲੀ ‘ਚ ਪਾ ਜਾਂਦੇ ਹਨ। ਦੂਜਿਆਂ ਲਈ ਦੋਹੀਂ ਹੱਥੀਂ ਲੱਡੂ ਵੰਡਣ ਵਾਲੇ, ਕੁਰਬਾਨ ਹੋਣ ਵਾਲੇ ਤੇ ਨਿਮਰਤਾ ਦੀ ਮੂਰਤ ਸਹੋਤਾ ਭਰਾਵਾਂ ਬਾਰੇ ਕੈਲੀਫੋਰਨੀਆ ਖਾਸ ਕਰਕੇ ਬੇ-ਏਰੀਆ ‘ਚ ਇਹੀ ਧਾਰਨਾ ਹੈ ਕਿ ਜੇ ਵਾਹਿਗੁਰੂ ਨੇ ਬਹੁਤ ਦਿੱਤਾ ਹੈ ਤਾਂ ਇਹ ਬਰਕਤਾਂ ਅੱਗੇ ਵੰਡਣ ‘ਚ ਵੀ ਕਦੇ ਪਿੱਛੇ ਨਹੀਂ ਹਟੇ।
ਸ਼ਹਿਰ ਗੁਰਾਇਆ ਲਾਗਲੇ ਬੜਾ ਪਿੰਡ ਦੇ ਜੰਮਪਲ ਜੁਗਰਾਜ ਸਿੰਘ ਸਹੋਤਾ ਤੇ ਨਰਿੰਦਰ ਸਿੰਘ ਸਹੋਤਾ ਸੱਚੀਂ ਆਪ ਵੀ ਬੜੇ ਚੰਗੇ ਹਨ, ਇਨਸਾਨੀਅਤ ‘ਚ ਕੱਦ ਵੀ ਉੱਚਾ ਹੈ, ਪਿੰਡ ਦਾ ਮਾਣ ਵੀ ਹਨ, ਭਾਈਚਾਰੇ ਦੇ ਹੀ ਵੱਡੇ ਕਿਰਦਾਰ ਨਹੀਂ ਸਗੋਂ ਪਿੰਡ ਵਾਲੇ ਵੀ ਹੁੱਬ ਕੇ ਕਹਿੰਦੇ ਹਨ ਕਿ ਧੜ੍ਹੇਬੰਦੀ ਤੋਂ ਕੋਹਾਂ ਦੂਰ ਰਹਿਣ ਵਾਲੇ ਸਹੋਤਾ ਭਰਾ ਬੜੇ ਪਿੰਡ ਦੇ ਹਰ ਘਰ ਦੇ ਪੁੱਤਰ ‘ਤੇ ਭਰਾ ਭਤੀਜੇ ਹਨ। ਉਦਾਹਰਨ ਦਿਆਂਗਾ ਕਿ ਵੱਡਾ ਪਿੰਡ ਹੋਣ ਕਰਕੇ, ਪਿੰਡਾਂ ਵਿਚਲੀਆਂ ਸਿਆਸੀ ਗੁਟਬੰਦੀਆਂ ਜਾਂ ਧੜ੍ਹਿਆਂ ਕਰਕੇ ਕਦੇ-ਕਦੇ ਦੋ ਕਬੱਡੀ ਕੱਪ ਵੀ ਹੋ ਜਾਂਦੇ ਹਨ ਤੇ ਇਹ ਸਹੋਤਾ ਭਰਾ ਕਿਸੇ ਇਕ ਪਾਸੇ ਨਹੀਂ ਸਗੋਂ ਦੋਹੀਂ ਵੰਨ੍ਹੀਂ ਬਰਾਬਰ ਸਹਿਯੋਗ ਦਿੰਦੇ ਹਨ, ਇਹ ਕਹਿ ਕੇ ਕਿ ‘ਇਹ ਸਮੱਸਿਆ ਪਿੰਡ ਵਾਲਿਆਂ ਦੀ ਹੋ ਸਕਦੀ ਹੈ ਸਾਡੀ ਤਾਂ ਇਹ ਮਾਂ ਮਿੱਟੀ ਹੈ, ਸਾਨੂੰ ਪੇਂਡੂਆਂ ਨਾਲੋਂ ਵੀ ਵੱਧ ਤੇਹ ਮੋਹ ਇਸ ਮਿੱਟੀ ਨਾਲ ਹੈ, ਜਿਸ ‘ਚ ਲਿੱਬੜ ਕੇ, ਖੇਡ ਕੇ ਤੇ ਅਮਰੀਕਾ ਵਰਗੇ ਮੁਲਕ ‘ਚ ਮਿਹਨਤ ਤੇ ਕਮਾਈਆਂ ਕਰਕੇ ਆਪਣੀ ਇਸ ਜੰਮਣ ਭੋਇੰ ਦੀ ਮਹਿਕ ਕੈਲੀਫੋਰਨੀਆ ‘ਚ ਖਿਲਾਰਨ ‘ਚ ਸਫਲ ਹੋਏ ਹਾਂ।’ ਇਹੀ ਮਿਸਾਲ ਉਨ੍ਹਾਂ ਦੋਵਾਂ ਭਰਾਵਾਂ ਵਿਚ ਵੀ ਸਾਂਝੀ ਹੈ। ਉਹਨਾਂ ਦੇ ਆਪਸ ‘ਚ ਗੁੱਸੇ ਗਿਲੇ ਵੀ ਹੋਣ ਤਾਂ ਵੀ ਗਲਵੱਕੜੀ ਘੁੱਟ ਕੇ ਪਾਉਂਦੇ ਹਨ, ਘਰ ਵੀ ਪਿੰਡ ਵਾਂਗ ਵੱਡੇ ਹਨ, ਇੱਕੋ ਥਾਂ ਹਨ, ਸਵੇਰੇ ਇਕ ਦੂਜੇ ਦੇ ਮੱਥੇ ਇਸ ਚਾਅ ਨਾਲ ਲੱਗਦੇ ਹਨ ਕਿ ਚਲੋ ਬਾਪੂ ਕਸ਼ਮੀਰ ਸਿੰਘ ਸਹੋਤਾ ਤਾਂ ਟਰਾਂਸਪੋਰਟਰ ਸੀ ਤੇ ਉਹ ਇੱਧਰਲੇ ਪਾਸੇ ਆਏ ਤਾਂ ਨਹੀਂ ਪਰ ਕਾਰੋਬਾਰ ਪਿਤਾ ਦੇ ਨਾਮ ਵਾਂਗ ਹੋਰ ਵੀ ਵੱਡੇ ਬਣਾਏ ਹਨ। ਅਸਲ ‘ਚ ਦੋਵੇਂ ਭਰਾ ਆਪਣੀ ਉਦਾਹਰਣ ਆਪ ਹਨ।
ਪਿਤਾ ਕਸ਼ਮੀਰ ਸਿੰਘ ਦੇ ਪਿੱਛੇ ਪਿੱਛੇ ਉਹ ਆਪਣੀ ਮਾਤਾ ਮਰਹੂਮ ਗੁਰਬਖਸ਼ ਕੌਰ ਅਤੇ ਇਕਲੌਤੀ ਭੈਣ ਸੁਖਵਿੰਦਰ ਕੌਰ ਨਾਲ ਅਮਰੀਕਾ ਆਏ। ਮੁੱਢਲੀ ਵਿੱਦਿਆ ਹਾਸਲ ਕੀਤੀ, ਕੁਝ ਦੇਰ ਛੱਬੋ ਕਾਲਜ ਵੀ ਗਏ ਤੇ ਫਿਰ ਅਮਰੀਕਾ ‘ਚ ਚੰਗੇ ਰੁਜ਼ਗਾਰ ਵਜੋਂ ਜਾਣੀ ਜਾਂਦੀ ਪੋਸਟ ਆਫਿਸ ਦੀ ਨੌਕਰੀ ਵੀ ਦੋਹਾਂ ਭਰਾਵਾਂ ਨੇ ਇਕੱਠਿਆਂ ਕੀਤੀ। ਕਮਾਲ ਇਹ ਵੀ ਹੈ ਬਾਪੂ ਵਾਂਗ ਮਿਹਨਤੀ ਸੁਭਾਅ ਹੋਣ ਕਰਕੇ 2015 ਤੱਕ ਡਾਕ ਵੰਡਣ ਦਾ ਕੰਮ ਵੀ ਕਰਦੇ ਰਹੇ ਅਤੇ ਨਾਲੋ ਨਾਲ ਆਮ ਪੰਜਾਬੀਆਂ ਵਾਂਗ ਆਪਣੇ ਵੱਡੇ ਕਾਰੋਬਾਰ ਵੀ ਸਥਾਪਤ ਕਰ ਲਏ। 2008 ਵਿਚ ਪਿਤਾ ਦੀ ਮੌਤ ਤੋਂ ਬਾਅਦ ਦੋਵੇਂ ਹੋਰ ਜ਼ਿੰਮੇਵਾਰ ਬਣ ਗਏ। ਕਮਾਲ ਦੇਖੋ ਕਿ ਦੋਵਾਂ ਭਰਾਵਾਂ ਕੋਲ ਚਾਰ ਗੈਸ ਸਟੇਸ਼ਨ ਹਨ। ਗੈਸ ਸਟੇਸ਼ਨ ਤਾਂ ਹੋਰਾਂ ਕੋਲ ਵੀ ਹੋਣਗੇ ਪਰ ਇਹ ਕਮਾਈ ਪੱਖੋਂ ਇਕ-ਇਕ ਸਵਾ-ਸਵਾ ਲੱਖ ਵਰਗਾ ਹੈ। ਪਿੰਡ ‘ਚ ਚੰਗੇ ਸਿਆੜ ਹਨ, ਦੋਵੇਂ ਭਰਾ ਏਨੇ ਸਿਦਕ ਤੇ ਰਿਜ਼ਕ ਵਾਲੇ ਹਨ ਕਿ ਕਦੇ ਵੀ ਆਪਣੇ ਬਿਜ਼ਨਸ ਦੌਰਾਨ ਕਾਮਿਆਂ ਪ੍ਰਤੀ ਨੌਕਰ ਤੇ ਮਾਲਕ ਵਾਲੀ ਪ੍ਰਵਿਰਤੀ ਨਹੀਂ ਰੱਖੀ ਤੇ ਕਾਮੇ ਉਨ੍ਹਾਂ ਨੂੰ ਬੌਸ ਨਹੀਂ ਭਰਾ ਜਾਂ ਮਿੱਤਰ ਮੰਨਦੇ ਹਨ। ਕੰਮ ਲੈਣ ਤੇ ਕਰਾਉਣ ਦਾ ਤਰੀਕਾ ਵੀ ਸ਼ਾਇਦ ਆਮ ਮਾਲਕਾਂ ਕੋਲ ਵੀ ਅਜਿਹਾ ਨਾ ਹੋਵੇ ਕਿ ਜਦੋਂ ਉਹ ਬੁੱਲ੍ਹਾਂ ‘ਚ ਹੱਸ ਰਹੇ ਹੋਣ ਤਾਂ ਕਰਮਚਾਰੀ ਅੰਦਾਜ਼ਾ ਲਗਾ ਲੈਂਦੇ ਹਨ ਕਿ ਉਨ੍ਹਾਂ ਦੇ ਕੰਮ ‘ਚ ਕੋਈ ਊਣਤਾਈ ਹੈ। ਇਸੇ ਕਰਕੇ ਨਵਾਂ ਆਇਆ ਹੀ ਨਹੀਂ ਚਿਰਾਂ ਤੋਂ ਅਮਰੀਕਾ ‘ਚ ਰਹਿਣ ਵਾਲਾ ਬੰਦਾ ਵੀ ਘੁੰਮ-ਘੁਮਾ ਕੇ ਉਨ੍ਹਾਂ ਕੋਲ ਹੀ ਕੰਮ ਕਰਨ ਦੀ ਇੱਛਾ ਜ਼ਾਹਿਰ ਕਰਦਾ ਹੈ। ਉਹ ਪੰਜਾਬੀ ਸੁਭਾਅ ਵਾਂਗ ਉੱਦਾਂ ਦੇ ਹੀ ਹਨ ਕਿ ਦੁਸਹਿਰਾ, ਦੀਵਾਲੀ, ਵਿਸਾਖੀ ਤੇ ਦਿਨ ਤਿਓਹਾਰ ‘ਤੇ ਵੀ ਆਪਣੇ ਕਾਮਿਆਂ ਦੀ ਜੇਬ ਭਾਰੀ ਕਰ ਜਾਂਦੇ ਹਨ। ਦੋਵੇਂ ਹੱਸ ਕੇ ਕਹਿਣਗੇ ਭਰਾਵੋ ਅਸੀਂ ਰੋਟੀ ਤਾਂ ਤੁਹਾਡੇ ਸਿਰ ‘ਤੇ ਹੀ ਖਾ ਰਹੇ ਹਾਂ, ਤੁਹਾਡੇ ਚਿਹਰੇ ਦੀ ਰੌਣਕ ਸਾਡੀ ਸਫਲਤਾ ਦੀ ‘ਗਣਿਤ ਗਾਈਡ’ ਹੈ।
ਸਹੋਤਾ ਭਰਾਵਾਂ ਦਾ ਪਿਤਾ ਕਸ਼ਮੀਰ ਸਿੰਘ ’81ਵਿਆਂ ‘ਚ ਪੰਜਾਬ ਦੇ ਟਰੱਕਿੰਗ ਧੰਦੇ ‘ਚ ਕਹਿੰਦਾ ਕਹਾਉਂਦਾ ਟਰਾਂਸਪੋਰਟਰ ਸੀ। ਗੁਰਾਇਆ ਟਰੱਕ ਯੂਨੀਅਨ ਦਾ ਪ੍ਰਧਾਨ ਵੀ ਰਿਹਾ। ਟਰੱਕ ਤਾਂ ਭਾਵੇਂ ਪੰਜ-ਸੱਤ ਹੀ ਚੱਲਦੇ ਸਨ ਪਰ ਦਬਦਬਾ ਬੜਾ ਸੀ। ਖੇਤੀਬਾੜੀ ਵੀ ਚੰਗੀ, ਪਰ ਫਿਰ ਵੀ ਵੱਡੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਅਮਰੀਕਾ ਵੱਲ ਮੂੰਹ ਸਿੱਧਾ ਕਰ ਲਿਆ। ਇੱਥੇ ਆ ਕੇ ਕਸ਼ਮੀਰ ਸਿੰਘ ਧੱਕੜ ਤੇ ਦਲੇਰ ਜੱਟਾਂ ਵਾਂਗ ਦਿਨ ਰਾਤ ਇਕ ਕਰ ਗਿਆ। ਪੰਜਾਬੀ ਭਾਈਚਾਰੇ ‘ਚ ਬੜੇ ਸਤਿਕਾਰ ਨਾਲ ਵਿਚਰਿਆ, ਕਦੇ ਵੀ ਕਿਸੇ ਧਾਰਮਿਕ ਸਮਾਜਿਕ ਕਾਰਜ ਲਈ ਹੱਥ ਪਿਛਾਂਹ ਨਹੀਂ ਖਿੱਚਿਆ। ਪਿਤਾ ਦੇ ਸੁਭਾਅ ਤੇ ਆਦਤ ਤੋਂ ਦੋਵੇਂ ਭਰਾ ਜੁਗਰਾਜ ਅਤੇ ਨਰਿੰਦਰ ਅੱਡ ਸਿਰਫ ਏਨੇ ਕੁ ਹੀ ਨੇ ਉਹ ਟਰਾਂਪੋਰਟ ਦੇ ਕਿੱਤੇ ਵੱਲ ਤਾਂ ਨਹੀਂ ਗਏ ਪਰ ਪੈਰ ਬਾਪੂ ਦੀ ਪੈੜ ‘ਚ ਹੀ ਰੱਖੇ ਹਨ। ਇਹ ਦੋਵੇਂ ਮੁਹੱਬਤ ‘ਤੇ ਪਿਆਰ ‘ਚ ਲਿਪਟ ਕੇ ਵਿਚਰਦੇ ਹਨ।
ਕੋਈ ਗੁਰੂਘਰ ਦੀ ਸੇਵਾ ਹੋਵੇ, ਧਾਰਮਿਕ ਸਮਾਗਮ ਹੋਵੇ, ਬੀਬੀਆਂ ਦੀਆਂ ਤੀਆਂ ਦਾ ਮੇਲਾ ਹੋਵੇ, ਗਵੱਈਆ ਪੰਜਾਬ ਤੋਂ ਆਇਆ ਹੋਵੇ, ਖੇਡ ਮੇਲੇ ਹੋਣ, ਦੋਵੇਂ ਨਾ ਸਿਰਫ ਹਾਜ਼ਰ ਹੁੰਦੇ ਹਨ ਸਗੋਂ ਡਾਲਰਾਂ ਦਾ ਰੁੱਗ ਭਰ ਕੇ ਵੀ ਮੂਹਰੇ ਰੱਖ ਦਿੰਦੇ ਹਨ। ਸੰਸਥਾਵਾਂ ਵਾਲੇ ਉਹਨਾਂ ਕੋਲ ਆਖਰ ‘ਚ ਹੀ ਜਾਂਦੇ ਹਨ ਇਹ ਸੋਚ ਕੇ ਉਹਨਾਂ ਦੇ ਡਾਲਰਾਂ ਦੇ ਚੈੱਕ ਵਾਲਾ ਲਿਫ਼ਾਫ਼ਾ ਤਾਂ ਤਿਆਰ ਹੀ ਹੋਣਾ ਹੈ, ਜਦੋਂ ਮਰਜ਼ੀ ਚੁੱਕ ਲਿਆਵਾਂਗੇ।
ਉੱਤਰੀ ਅਮਰੀਕਾ ‘ਚ ਯੂਨਾਈਟਡ ਸਪੋਰਟਸ ਕਲੱਬ ਵਲੋਂ ਕੈਲੀਫੋਰਨੀਆ ‘ਚ ਅਮੋਲਕ ਸਿੰਘ ਗਾਖਲ ਦੀ ਸਰਪ੍ਰਸਤੀ ਹੇਠ ਕਰਵਾਇਆ ਜਾਂਦਾ ਬਹੁਚਰਚਿਤ ਵਿਸ਼ਵ ਕਬੱਡੀ ਕੱਪ ਇਹਨਾਂ ਸਹੋਤਾ ਭਰਾਵਾਂ ਨਾਲ ਵੀ ਜੁੜਦਾ ਹੈ। ਇਤਫ਼ਾਕ ਦੇਖੋ ਜੁਗਰਾਜ ਇਸ ਕਲੱਬ ਦਾ ਪ੍ਰਧਾਨ ਹੈ ਤੇ ਨਰਿੰਦਰ ਖਜਾਨਚੀ, ਹਾਲਾਂਕਿ ਦੋਵੇਂ ਕਦੇ ਕਬੱਡੀ ਨਹੀਂ ਖੇਡੇ ਪਰ ਪੰਜਾਬੀਆਂ ਦੀ ਇਸ ਖੇਡ ਦੇ ਦੀਵਾਨੇ ਜ਼ਰੂਰ ਹਨ। ਕਲੱਬ ਇਸ ਕਬੱਡੀ ਕੱਪ ਦੀ ਸਫਲਤਾ ‘ਚ ਦੋਹਾਂ ਭਰਾਵਾਂ ਦਾ ਯੋਗਦਾਨ ਸਵੀਕਾਰ ਕਰਦਾ ਹੈ। ਜ਼ਿਕਰਯੋਗ ਗੱਲ ਇਹ ਵੀ ਹੈ ਕਿ ਗਾਖਲ ਪਰਿਵਾਰ ਨਾਲ ਉਨ੍ਹਾਂ ਦੀ ਗੂੜ੍ਹੀ ਸਕੀਰੀ ਹੈ। ਉਨ੍ਹਾਂ ਦੀ ਭੈਣ ਸੁਖਵਿੰਦਰ ਕੌਰ ਸ੍ਰ. ਇਕਬਾਲ ਸਿੰਘ ਗਾਖਲ ਦੀ ਧਰਮ ਪਤਨੀ ਹੈ।
ਦੋਵੇਂ ਭਰਾ ਕਿਤੇ ਇਕੱਠੇ ਟੱਕਰ ਜਾਣ, ਸਹਿਜ ਸੁਭਾਅ ਪੁੱਛ ਲਈਏ ਕਿ ਵਾਹਿਗੁਰੂ ਨੇ ਰਿਜ਼ਕ ਤਾਂ ਰੱਜ ਕੇ ਦਿੱਤਾ ਹੈ, ਠਾਠ ਬਾਠ ਵੀ ਨੇ ਹੁਣ ਹੋਰ ਕੀ ਤਮੰਨਾ ਹੈ? ਤਾਂ ਉਹ ਜੁਆਬ ਦੇ ਕੇ ਤੁਹਾਨੂੰ ਲਾਜਵਾਬ ਕਰ ਦੇਣਗੇ, ‘ਪੂਜਾ ਪਾਠ ਕਰਨਾ ਤੇ ਰੱਬ ਦਾ ਨਾਂਅ ਲੈਣਾ ਵੀ ਇਕ ਤਰ੍ਹਾਂ ਨਾਲ ਸਵਾਰਥ ਹੀ ਹੁੰਦਾ ਹੈ, ਕਿ ਉੱਪਰ ਵਾਲਾ ਸਾਡੇ ਤੋਂ ਪ੍ਰਸੰਨ ਹੋ ਕੇ ਸਾਡੀਆਂ ਝੋਲੀਆਂ ਭਰੇ ਅਤੇ ਅਸੀਂ ਗੱਫ਼ੇ ਭਾਲ ਰਹੇ ਹੁੰਦੇ ਹਾਂ। ਪਰ ਸਾਡੀ ਇੱਛਾ ਸਿਕੰਦਰ ਵਰਗੀ ਫਿਰ ‘ਕੱਲਿਆਂ ਦੇ ਕਾਫ਼ਲੇ ਵਾਲੀ ਨਹੀਂ ਸਗੋਂ ਨਾਲ ਤੁਰਨ ਦੀ ਹੈ। ਇਸ ਲਈ ਉਹਦੀਆਂ ਰਹਿਮਤਾਂ ਨਾਲ ਮਿਲੀ ਕਮਾਈ ‘ਚੋਂ ਸਾਡਾ ਸਮਾਜ ਵੀ ਹਿੱਸੇਦਾਰ ਹੈ ਅਤੇ ਇਹ ਹਿੱਸਾ ਅਸੀਂ ਦੇ ਵੀ ਰਹੇ ਹਾਂ।’
ਧਾਰਨਾ ਤਾਂ ਇਹ ਵੀ ਹੈ ਕਿ ਪਹਾੜ ਦੂਰੋਂ ਹੀ ਚੰਗੇ ਲੱਗਦੇ ਹਨ ਪਰ ਜੁਗਰਾਜ ਤੇ ਨਰਿੰਦਰ ਤੁਹਾਨੂੰ ਨੇੜਿਓਂ ਵੀ ਚੰਗੇ ਤੇ ਪਿਆਰੇ ਲੱਗਣਗੇ। ਇਹ ਵਾਅਦਾ ਕਰਦਾ ਹਾਂ ਕਿ ਉਹ ਗੱਲ ਕਰਦਿਆਂ ਜੇ ਨਾ ਵੀ ਹੱਸਣ ਤਾਂ ਮੁਸਕੁਰਾਹਟ ਜ਼ਰੂਰ ਵੰਡਣਗੇ।
2008 ‘ਚ ਪਿਤਾ ਚਲੇ ਗਿਆ ਤੇ 2010 ‘ਚ ਮਾਂ ਸਾਥ ਛੱਡ ਗਈ ਪਰ ਕਿਸਮਤ ਨੇ ਉਨ੍ਹਾਂ ਨਾਲ ਗਲਵੱਕੜੀ ਪਾਈ ਰੱਖੀ। ਉਹ ਮਾਇਆ ਦੀ ਗਠੜੀ ਨਾਲ ਸਫ਼ਲਤਾ ਦੀਆਂ ਪੌੜੀਆਂ ਚੜ੍ਹੇ ਹਨ ਤੇ ਚੜ੍ਹ ਰਹੇ ਹਨ। ਰਾਜਨੀਤਕ ਲੋਕਾਂ ਨੂੰ ਤਿਲ ਫੁੱਲ ਘੱਟ ਹੀ ਦਿੰਦੇ ਹਨ ਪਰ ਪਿੰਡ ‘ਚ ਕੋਈ ਲੋੜਵੰਦ ਹੋਵੇ, ਗ਼ਰੀਬ ਦੀ ਧੀ ਦੀ ਡੋਲੀ ਤੋਰਨੀ ਹੋਵੇ, ਕੋਈ ਬਿਮਾਰ ਠੁਮਾਰ ਹੋਵੇ ਤੇ ਗ਼ਰੀਬ ਦੀ ਛੱਤ ਚੋਂਦੀ ਹੋਵੇ ਤਾਂ ਮਦਦ ਦੇਣ ਲਈ ਦੋਵੇਂ ਹੱਥ ਅੱਗੇ ਕਰ ਦਿੰਦੇ ਹਨ। ਜੁਗਰਾਜ ਦਾ ਵਿਆਹ ਫਿਰੋਜ਼ਪੁਰ ਦੇ ਪਿੰਡ ਕੱਸੋਆਣਾ ਦੀ ਸੰਦੀਪ ਕੌਰ ਨਾਲ ਅਤੇ ਜਲੰਧਰ ਦੇ ਪਿੰਡ ਭਗਵਾਨਪੁਰ ਦੀ ਮਨਦੀਪ ਕੌਰ ਨਾਲ ਨਰਿੰਦਰ ਵਿਆਹਿਆ ਹੋਇਆ। ਜੁਗਰਾਜ ਦੇ ਦੋ ਬੇਟੇ ਤੇ ਨਰਿੰਦਰ ਦਾ ਇਕ ਪੁੱਤ ਤੇ ਇਕ ਧੀ ਹੈ। ਦੁਆਬੇ ਦੇ ਸਿਰਕੱਢ ਮੰਨੇ ਜਾਂਦੇ ਪਿੰਡ ਬੜੇ ਪਿੰਡ ਦੀਆਂ ਕਿਤੇ ਵੱਡੀਆਂ ਗਲੀਆਂ ‘ਚੋਂ ਗੁਜ਼ਰਦਿਆਂ ਕਿਸੇ ਨੂੰ ਵੀ ਪੁੱਛ ਲਿਓ ਅਮਰੀਕਾ ਵਾਲੇ ਕਸ਼ਮੀਰ ਦੇ ਪੁੱਤਰਾਂ ਜੁਗਰਾਜ ਤੇ ਨਰਿੰਦਰ ਸਹੋਤਾ ਨੂੰ ਜਾਣਦੇ ਹੋ? ਤਾਂ ਉਹ ਭਾਵੇਂ ਗੋਹੇ ਦਾ ਟੋਕਰਾ ਲੈ ਕੇ ਜਾਂਦੀ ਸੁਆਣੀ ਹੀ ਹੋਵੇ ਤਾਂ ਵੀ ਕਹੇਗੀ, ‘ਸਾਡੇ ਪਿੰਡ ਦਾ ਮਾਣ ਨੇ, ਇਸ ਮਿੱਟੀ ਦੇ ਮਹਾਨ ਪੁੱਤਰ ਨੇ ਤੇ ਪਿੰਡ ਵਾਲਿਆਂ ਦੀ ਜਾਨ ਨੇ’।
ਸੱਚੀਂ! ਰੱਬ ਕਦੇ ਕਦੇ ਮੁਕੱਦਰ ਲਿਖਦਿਆਂ ਲਿਖਾਈ ਹੀ ਗੂੜ੍ਹੀ ਨਹੀਂ ਕਰਦਾ ਸਗੋਂ ਕਾਗਜ਼ ਵੀ ਖ਼ੂਬਸੂਰਤ ਵਰਤ ਲੈਂਦਾ ਹੈ।

Daily Ajit Jalandhar(Sunday Ajit Magazine,June 27th 2021)
ਅਮਰੀਕਾ ਦੇ ਸਫਲ ਪੰਜਾਬੀ ਕਾਰੋਬਾਰੀ-9 – S Ashok Bhaura